ਵੀਵੋ ਦੇ ਨਾਲ ਖਤਮ ਹੋਏ ਕਰਾਰ 'ਤੇ ਸੌਰਵ ਗਾਂਗੁਲੀ ਨੇ ਕਹੀ ਇਹ ਗੱਲ
Sunday, Aug 09, 2020 - 08:53 PM (IST)
ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੇ ਮੁਖੀ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਵੀਵੋ ਦੇ ਨਾਲ ਇਸ ਸਾਲ ਲਈ ਆਈ. ਪੀ. ਐੱਲ. ਦੇ ਟਾਈਟਲ ਸਪਾਂਸਰ ਦਾ ਕਰਾਰ ਮੁਲਤਵੀ ਹੋਣ ਨਾਲ ਵਿੱਤੀ ਸੰਕਟ ਨਹੀਂ ਹੈ। ਬੀ. ਸੀ. ਸੀ.ਆਈ. ਨੇ ਸਰਹੱਦੀ ਤਣਾਅ ਦੇ ਕਾਰਣ ਹਾਲ ਹੀ ਵਿਚ ਚੀਨੀ ਮੋਬਾਈਲ ਕੰਪਨੀ ਵੀਵੋ ਦੇ ਨਾਲ 2020 ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਲਈ ਆਪਣਾ ਕਰਾਰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਵੀਵੋ ਨੇ 2018 ਤੋਂ 2022 ਤਕ 5 ਸਾਲ ਲਈ 2199 ਕਰੋੜ ਰੁਪਏ (ਸਾਲਾਨਾ ਤਕਰੀਬਨ 440 ਕਰੋੜ ਰੁਪਏ) ਵਿਚ ਆਈ. ਪੀ. ਐੱਲ. ਦਾ ਟਾਈਟਲ ਸਪਾਂਸਰ ਬਣਨ ਦਾ ਅਧਿਕਾਰ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਟਾਈਟਲ ਸਪਾਂਸਰ ਆਈ. ਪੀ. ਐੱਲ. ਦੇ ਮਾਲੀਆ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਬੀ. ਸੀ. ਸੀ. ਆਈ. ਨੇ ਹਾਲਾਂਕਿ ਵੀਵੋ ਦੀ ਜਗ੍ਹਾ ਕਿਸੇ ਹੋਰ ਸਪਾਂਸਰ ਦੇ ਬਾਰੇ ਵਿਚ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਈ. ਪੀ. ਐੱਲ. ਦਾ ਆਯੋਜਨ ਸੰਯੁਕਤ ਰਾਸ਼ਟਰ ਅਮੀਰਾਤ (ਯੂ. ਏ. ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ। ਬੀ. ਸੀ. ਸੀ. ਆਈ. ਨੂੰ ਹਾਲਾਂਕਿ ਇਸਦੇ ਲਈ ਅਜੇ ਤਕ ਭਾਰਤ ਦੀ ਸਰਕਾਰ ਤੋਂ ਮਨਜ਼ੂਰੀ ਦਾ ਇੰਤਜ਼ਾਰ ਹੈ। ਗਾਂਗੁਲੀ ਨੇ ਇਕ ਵੇਬੀਨਾਰ ਵਿਚ ਕਿਹਾ,''ਮੈਂ ਇਸ ਨੂੰ ਵਿੱਤੀ ਸੰਕਟ ਨਹੀਂ ਕਹਾਂਗਾ। ਇਹ ਸਿਰਫ ਇਕ ਛੋਟਾ ਜਿਹਾ ਝਟਕਾ ਹੈ। ਵੱਡੀਆਂ ਚੀਜ਼ਾਂ ਰਾਤੋ-ਰਾਤ ਨਹੀਂ ਹੰਦੀਆਂ ਤੇ ਨਾ ਹੀ ਵੱਡੀਆਂ ਚੀਜ਼ਾਂ ਰਾਤ ਭਰ ਵਿਚ ਚਲੀਆਂ ਜਾਂਦੀਆਂ ਹਨ। ਲੰਬੀ ਮਿਆਦ ਲਈ ਕੀਤੀ ਗਈ ਤੁਹਾਡੀ ਤਿਆਰੀ ਘਾਟਾ ਸਹਿਣ ਲਈ ਤਿਆਰ ਹੁੰਦੀ ਹੈ। ਇਸ ਨਾਲ ਤੁਸੀਂ ਸਫਲਤਾਵਾਂ ਲਈ ਤਿਆਰ ਹੋ ਜਾਂਦੇ ਹੋ।''
ਉਸ ਨੇ ਕਿਹਾ,''ਤੁਸੀਂ ਆਪਣੇ ਆਪ ਹੋਰ ਬਦਲਾਂ ਨੂੰ ਖੁੱਲ੍ਹਾ ਰੱਖਦੇ ਹੋ। ਇਹ ਪਲਾਨ-ਏ ਤੇ ਪਲਾਨ-ਬੀ ਦੀ ਤਰ੍ਹਾਂ ਹੈ। ਸੰਵੇਦਨਸ਼ੀਲ ਲੋਕ ਇਸ ਨੂੰ ਕਰਦੇ ਹਨ। ਸੰਵੇਦਨਸ਼ੀਲ ਬ੍ਰਾਂਡ ਅਜਿਹਾ ਕਰਦੇ ਹਨ। ਸਮਝਦਾਰ ਕਾਰਪੋਰੇਟ ਅਜਿਹਾ ਕਰਦੇ ਹਨ।'' ਗਾਂਗੁਲੀ ਨੇ ਕਿਹਾ,''ਬੀ. ਸੀ. ਸੀ. ਆਈ. ਇਕ ਮਜ਼ਬੂਤ ਬੋਰਡ ਹੈ। ਅਤੀਤ ਦੀ ਖੇਡ, ਖਿਡਾਰੀਆਂ, ਪ੍ਰਸ਼ੰਸਕਾਂ ਨੇ ਇਸ ਖੇਡ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਹੈ ਕਿ ਬੀ. ਸੀ. ਸੀ. ਆਈ. ਇਨ੍ਹਾਂ ਸਾਰੇ ਝਟਕਿਆਂ ਨੂੰ ਝੱਲਣ ਵਿਚ ਸਮਰਥ ਹੈ।''