ਇਹ ਮੇਰਾ ਆਖਰੀ ਵਿਸ਼ਵ ਕੱਪ ਸੀ : ਗੇਲ
Saturday, Jul 06, 2019 - 03:04 AM (IST)

ਲੀਡਸ— ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੇ ਆਪਣੇ ਆਖਰੀ ਮੁਕਾਬਲੇ 'ਚ ਹਰਾ ਕੇ ਟੂਰਨਾਮੈਂਟ ਤੋਂ ਜੇਤੂ ਵਿਦਾਇਗੀ ਲੈਣ ਤੋਂ ਬਾਅਦ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਹੈ ਕਿ ਇਹ ਉਸ ਦਾ ਆਖਰੀ ਵਿਸ਼ਵ ਕੱਪ ਸੀ ਤੇ ਉਹ ਅਗਲੇ ਵਿਸ਼ਵ ਕੱਪ ਵਿਚ ਨਹੀਂ ਖੇਡੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿਚ ਗੇਲ ਨੇ ਐਲਾਨ ਕੀਤਾ ਸੀ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਤੋਂ ਸੰਨਿਆਸ ਲੈ ਲਵੇਗਾ ਪਰ ਵਿਸ਼ਵ ਕੱਪ ਦੌਰਾਨ ਉਸ ਨੇ ਕਿਹਾ ਸੀ ਕਿ ਉਹ ਅਜੇ ਅੱਗੇ ਹੋਰ ਕ੍ਰਿਕਟ ਖੇਡ ਸਕਦਾ ਹੈ। ਗੇਲ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਤੇ ਸੰਨਮਾਨ ਦੀ ਗੱਲ ਬੈ ਕਿ ਮੈਂ ਪਿਛਲੇ ਪੰਜ ਵਿਸ਼ਵ ਕੱਪ 'ਚ ਵੈਸਟਇੰਡੀਜ਼ ਦੇ ਲਈ ਖੇਡਿਆ ਹਾਂ। ਦੁਖੀ ਹਾਂ ਕਿ ਸਾਡਾ ਸਫਰ ਫਾਈਨਲ ਤੋਂ ਪਹਿਲਾਂ ਹੀ ਖਤਮ ਹੋ ਗਿਆ ਹੈ ਪਰ ਇਸ ਦੇ ਹੋਰ ਮੈਂ ਇੱਥੇ ਹਾਂ ਤੇ ਇਸ ਗੱਲ ਤੋਂ ਬਹੁਤ ਖੁਸ਼ ਹਾਂ। ਜਿੱਤ ਦੇ ਨਾਲ ਮੁਕਾਬਲੇ ਦਾ ਅੰਤ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ 'ਚ ਕਈ ਵਧੀਆ ਖਿਡਾਰੀ ਹਨ ਜਿਸ 'ਚ ਕਈ ਨੋਜਵਾਨ ਖਿਡਾਰੀ ਵੀ ਹਨ ਜੋ ਵੈਸਟਇੰਡੀਜ਼ ਕ੍ਰਿਕਟ ਨੂੰ ਅੱਗੇ ਲੈ ਕੇ ਜਾਣਗੇ। ਮੈਂ ਉਨ੍ਹਾਂ ਨਾਲ ਰਹਾਂਗਾ ਤੇ ਵਿੰਡੀਜ਼ ਟੀਮ ਦੀ ਮਦਦ ਕਰਦਾ ਰਹਾਂਗਾ। ਮੈਂ ਅਜੇ ਵੀ ਕੁਝ ਮੈਚ ਖੇਡ ਸਕਦਾ ਹਾਂ ਤੇ ਉਸਦੇ ਬਾਅਦ ਦੇਖਾਂਗੇ ਕਿ ਅੱਗੇ ਕੀ ਕਰਨਾ ਹੈ।