ਬਿਜ਼ਨੈੱਸ ''ਚ ਘਾਟਾ ਪੈਣ ਕਾਰਨ ਨੌਜਵਾਨ ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਭਾਜਪਾ ਆਗੂ ਟੀਟੂ ਦੀ ਭੈਣ ਦਾ ਸੀ ਪੋਤਰਾ
Thursday, Jan 29, 2026 - 03:40 PM (IST)
ਜਲੰਧਰ (ਸ਼ੋਰੀ)- ਜਲੰਧਰ ਵਿਖੇ ਇਕ ਨੌਜਵਾਨ ਨੇ ਬਿਜ਼ਨੈੱਸ ਵਿਚ ਘਾਟਾ ਹੋਣ ਕਾਰਨ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬਸਤੀਆਂ ਇਲਾਕੇ ਦੇ ਉਜਾਲਾ ਨਗਰ ਵਿਚ 21 ਸਾਲ ਦੇ ਨੌਜਵਾਨ, ਜਿਸ ਦੀ ਲੰਬਾਈ 6 ਫੁੱਟ ਤੋਂ ਉੱਪਰ ਸੀ ਅਤੇ ਜੋ ਬਸਤੀ ਤੋਂ ਭਾਜਪਾ ਦੇ ਸਾਬਕਾ ਕੌਂਸਲਰ ਅਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਭੈਣ ਦਾ ਪੋਤਰਾ ਸੀ, ਨੇ ਬਿਜ਼ਨੈੱਸ ਵਿਚ ਘਾਟਾ ਪੈਣ ਕਾਰਨ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਸਿਰ ਵਿਚ ਗੋਲ਼ੀ ਮਾਰ ਲਈ। ਘਟਨਾ ਉਸ ਦੇ ਆਪਣੇ ਘਰ ਮਕਾਨ ਨੰਬਰ 74 ਉਜਾਲਾ ਨਗਰ ਬਸਤੀ ਸ਼ੇਖ ਵਿਚ ਵਾਪਰੀ ਜਦਕਿ ਪਰਿਵਾਰਕ ਮੈਂਬਰ ਵੀ ਘਰ ਵਿਚ ਹੀ ਮੌਜੂਦ ਸਨ। ਗੋਲ਼ੀ ਚੱਲਣ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਜ਼ਖ਼ਮੀ ਤਰੁਣਜੋਤ ਸਿੰਘ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਦੇ ਨਾਮੀ ਡਾਕਟਰ ਤੋਂ ਗੈਂਗਸਟਰ ਨੇ ਮੰਗੀ 2 ਕਰੋੜ ਦੀ ਫਿਰੌਤੀ, ਕਿਹਾ-ਜਾਨੋਂ ਮਾਰ ਦਿਆਂਗੇ ਪਰਿਵਾਰ

ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ 5 ਦੀ ਪੁਲਸ ਨੇ ਹਸਪਤਾਲ ਤੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਹਸਪਤਾਲ ਵਿਚ ਭਾਜਪਾ ਆਗੂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਵੀ ਪਹੁੰਚੇ ਅਤੇ ਲਾਸ਼ ਦਾ ਜਲਦੀ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪੋਸਟਮਾਰਟਮ ਹੋਣ ਤੱਕ ਹਸਪਤਾਲ ਦੀ ਮੋਰਚਰੀ ਕੋਲ ਖੜ੍ਹੇ ਰਹੇ। ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ, ਜਿਸ ਵਿਚ 3 ਡਾਕਟਰ ਸ਼ਾਮਲ ਸਨ, ਨੇ ਪਹਿਲਾਂ ਲਾਸ਼ ਦਾ ਸੀ. ਟੀ. ਸਕੈਨ ਕਰਵਾਇਆ ਅਤੇ ਸਕੈਨ ਰਿਪੋਰਟ ਵਿਚ ਵੇਖਿਆ ਕਿ ਗੋਲੀ ਸਿਰ ਦੇ ਕਿਸ ਹਿੱਸੇ ਵਿਚ ਹੈ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਸਿਰ ਵਿਚੋਂ ਗੋਲ਼ੀ ਕੱਢ ਕੇ ਥਾਣਾ 5 ਦੀ ਪੁਲਸ ਨੂੰ ਕਾਨੂੰਨੀ ਕਾਰਵਾਈ ਕਰਕੇ ਦਿੱਤੀ ਗਈ। ਦੇਰ ਸ਼ਾਮ ਮ੍ਰਿਤਕ ਦਾ ਬਸਤੀ ਸ਼ੇਖ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਅਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਮਕਾਨ ਨੰਬਰ 74 ਉਜਾਲਾ ਨਗਰ ਬਸਤੀ ਸ਼ੇਖ ਨੇ ਦੱਸਿਆ ਕਿ ਉਹ ਬਿਜ਼ਨੈੱਸਮੈਨ ਹਨ, ਉਨ੍ਹਾਂ ਦਾ ਬੇਟਾ ਤਰੁਣਜੋਤ ਸਿੰਘ ਉਰਫ਼ ਵੰਸ਼ ਬਿਜ਼ਨੈੱਸ ਵਿਚ ਘਾਟਾ ਪੈਣ ਕਾਰਨ ਪਰੇਸ਼ਾਨ ਰਹਿੰਦਾ ਸੀ। ਬੀਤੇ ਦਿਨ ਕਰੀਬ 11:40 ਵਜੇ ਬੇਟੇ ਨੇ ਘਰ ਵਿਚ ਪਈ ਅਲਮਾਰੀ ਵਿਚੋਂ ਉਨ੍ਹਾਂ ਦਾ ਲਾਇਸੈਂਸੀ ਰਿਵਾਲਵਰ ਕੱਢ ਕੇ ਆਪਣੇ ਦਿਮਾਗ ਵਿਚ ਗੋਲ਼ੀ ਮਾਰ ਲਈ, ਜਿਸ ਨੂੰ ਉਹ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੇਟੇ ਨੇ ਖ਼ੁਦਕੁਸ਼ੀ ਪਰੇਸ਼ਾਨੀ ਕਾਰਨ ਕੀਤੀ ਹੈ ਅਤੇ ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਥਾਣਾ 5 ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਿਸੇ ਦੇ ਖ਼ਿਲਾਫ਼ ਪੁਲਸ ਕੇਸ ਦਰਜ ਨਹੀਂ ਕੀਤਾ ਗਿਆ ਹੈ, ਕਿਉਂਕਿ ਮ੍ਰਿਤਕ ਦੇ ਪਿਤਾ ਨੇ ਕਿਸੇ ’ਤੇ ਸ਼ੱਕ ਜ਼ਾਹਿਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਮੋਹਾਲੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਗੁਰਵਿੰਦਰ ਦੇ ਮਾਮਲੇ 'ਚ ਨਵਾਂ ਮੋੜ! ਗੈਂਗਸਟਰ ਗੋਲਡੀ ਬਰਾੜ ਨੇ ਪਾਈ ਪੋਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
