ਵਿਆਹ ਕਰਵਾਉਣ ਲਈ ਵਿਦੇਸ਼ ਤੋਂ ਪੰਜਾਬ ਆਇਆ ਸੀ ਮੁੰਡਾ, ਫ਼ਿਰ ਜੋ ਹੋਇਆ...
Thursday, Feb 05, 2026 - 01:36 PM (IST)
ਸਿੱਧਵਾਂ ਬੇਟ (ਚਾਹਲ)- ਪਿੰਡ ਲੀਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸਦਰਪੁਰਾ ਦੇ ਨੌਜਵਾਨ ਬਲਰਾਜ ਸਿੰਘ ਤੇ ਕ੍ਰਿਸ਼ਨ ਸਿੰਘ ਮੋਟਰਸਾਈਕਲ ’ਤੇ ਜਗਰਾਓਂ ਵੱਲ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਅਨੁਸਾਰ ਕ੍ਰਿਸ਼ਨ ਸਿੰਘ ਦੁਬਈ ਤੋਂ ਵਿਆਹ ਕਰਵਾਉਣ ਪਿੰਡ ਆਇਆ ਸੀ। ਅਜੇ ਕ੍ਰਿਸ਼ਨ ਦੇ ਵਿਆਹ ਦੀ ਤਰੀਕ ਵੀ ਤੈਅ ਨਹੀਂ ਸੀ ਹੋਈ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਉੱਥੇ ਹੀ ਹਾਦਸੇ ’ਚ ਮਾਰਿਆ ਗਿਆ ਦੂਜਾ ਨੌਜਵਾਨ ਬਲਰਾਜ ਸਿੰਘ 3 ਬੇਟੀਆਂ ਦਾ ਪਿਤਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿੱਧਵਾਂ ਬੇਟ ਦੇ ਐੱਸ. ਐੱਚ. ਓ. ਹੀਰਾ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ। ਹੀਰਾ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
