ਗੋਲਗੱਪੇ ਵੇਚੇ, ਭੁੱਖਾ ਰਿਹਾ, ਹੁਣ ਇਸ 17 ਸਾਲਾ ਕ੍ਰਿਕਟਰ ਨੇ ਲਾਇਆ ਤੂਫਾਨੀ ਸੈਂਕੜਾ
Wednesday, Oct 09, 2019 - 01:42 PM (IST)

ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਪਹਿਲੀ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਮੁੰਬਈ ਨੇ ਵਿਜੇ ਹਜ਼ਾਰੇ ਟ੍ਰਾਫੀ ਦੇ ਗਰੁਪ-ਏੇ ਮੈਚਾਂ ਵਿਚ ਗੋਆ ਨੂੰ 130 ਦੌੜਾਂ ਨਾਲ ਹਰਾ ਦਿੱਤਾ। ਜੈਸਵਾਲ ਅਤੇ ਅਦਿਤਿਆ ਤਾਰੇ ਵਿਚਾਲੇ ਪਹਿਲੇ ਵਿਕਟ ਲਈ ਹੋਈ 152 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਮੁੰਬਈ ਨੇ 50 ਓਵਰਾਂ ਵਿਚ 4 ਵਿਕਟਾਂ 'ਤੇ 362 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਗੋਆ ਦੀ ਪਾਰੀ ਨੂੰ 48.1 ਓਵਰਾਂ ਵਿਚ 232 ਦੌੜਾਂ 'ਤੇ ਸਮੇਟ ਦਿੱਤਾ। ਜੈਸਵਾਲ ਦਾ ਲਿਸਟ ਏ ਦਾ ਸਿਰਫ ਦੂਜਾ ਮੈਚ ਹੈ। ਉਸ ਨੇ 123 ਦੌੜਾਂ ਦੀ ਪਾਰੀ ਦੌਰਾਨ 6 ਚੌਕੇ ਅਤੇ 5 ਛੱਕੇ ਲਗਾਏ। ਕਪਤਾਨ ਸ਼੍ਰੇਅਸ ਅਈਅਰ (29 ਗੇਂਦਾਂ ਵਿਚ 47 ਦੌੜਾਂ), ਸੂਰਯ ਕੁਮਾਰ (21 ਗੇਂਦਾਂ, ਅਜੇਤੂ 34 ਦੌੜਾਂ) ਅਤੇ ਸ਼ਿਵਮ ਦੂਬੇ (13 ਗੇਂਦਾਂ ਅਜੇਤੂ 33 ਦੌੜਾਂ) ਦੀ ਆਖਰੀ ਓਵਰ ਵਿਚ ਤੂਫਾਨੀ ਪਾਰੀ ਦੀ ਬਦੌਲਤ ਮੁੰਬਈ ਨੇ ਵੱਡਾ ਸਕੋਰ ਖੜਾ ਕੀਤਾ। ਗੋਆ ਸਨੇਹਲ ਕੈਥਾਂਕਰ (50) ਹੀ ਅਰਧ ਸੈਂਕੜੇ ਦੀ ਪਾਰੀ ਖੇਡ ਸਕਿਆ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਦੇ ਬੱਲੇਬਾਜ਼ਾਂ ਨੇ ਗੋਆ ਦੇ ਗੇਂਦਬਾਜ਼ਾਂ ਦੀ ਰੱਜ ਕੇ ਧੁਲਾਈ ਕੀਤੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਅਦਿਤਿਆ ਤਾਰੇ ਨੇ ਪਹਿਲੇ ਵਿਕਟ ਲਈ 152 ਦੌੜਾਂ ਜੋੜ ਦਿੱਤੀਆਂ। ਦੋਵਾਂ ਨੇ ਇਹ ਸਾਂਝੇਦਾਰੀ 29 ਓਵਰਾਂ ਤਕ ਕੀਤੀ। ਤਾਰੇ ਦੇ ਆਊਟ ਹੋਣ ਤੋਂ ਬਾਅਦ ਮੁੰਬਈ ਦੀ ਸਕੋਰ ਬਣਾਉਣ ਦੀ ਰਫਤਾਰ ਹੋਰ ਵਧ ਗਈ। ਸਿੱਧੇਸ਼ ਲਾਡ ਨੇ 23 ਗੇਂਦਾਂ 'ਚ 4 ਚੌਕੇ ਅਤੇ 1 ਛੱਕੇ ਲਗਾ ਕੇ 34 ਦੌੜਾਂ ਬਣਾਈਆਂ। ਦੂਜੇ ਵਿਕਟ ਲਈ ਲਾਡ ਅਤੇ ਜੈਸਵਾਲ ਨੇ 72 ਦੌੜਾਂ ਜੋੜੀਆਂ। ਦੱਸ ਦਈਏ ਕਿ ਮੁੰਬਈ ਨੂੰ ਜਿੱਤ ਦਿਵਾਉਣ ਵਾਲੇ ਯਸ਼ਸਵੀ ਦੀ ਜ਼ਿੰਗਦੀ ਕਾਫੀ ਸੰਘਰਸ਼ ਭਰੀ ਰਹੀ ਹੈ। ਉਹ ਘੱਟ ਉਮਰ 'ਚ ਹੀ ਕ੍ਰਿਕਟਰ ਬਣਨ ਦਾ ਸੁਪਨਾ ਲੈ ਕੇ ਯੂ. ਪੀ. ਤੋਂ ਮੁੰਬਈ ਪਹੁੰਚ ਗਏ। ਉਸਦੇ ਪਿਤਾ ਲਈ ਪਰਿਵਾਰ ਨੂੰ ਪਾਲਣਾ ਮੁਸ਼ਕਲ ਹੋ ਰਿਹਾ ਸੀ ਇਸ ਲਈ ਉਨ੍ਹਾਂ ਨੇ ਇਤਰਾਜ਼ ਵੀ ਨਹੀਂ ਕੀਤਾ। ਮੁੰਬਈ ਵਿਚ ਉਸਦੇ ਚਾਚਾ ਦੇ ਘਰ ਰਹਿਣ ਲਈ ਜ਼ਿਆਦਾ ਜਗ੍ਹਾ ਨਹੀਂ ਸੀ ਤਾਂ ਉਹ ਮੁਸਲਿਮ ਯੂਨਾਈਟਿਡ ਕਲੱਬ ਨਾਲ ਜੁੜ ਗਏ। ਇਸ ਦੇ ਇਕ ਟੈਂਟ 'ਚ ਉਹ ਰਹਿੰਦੇ ਸੀ। 3 ਸਾਲ ਤਕ ਜੈਸਵਾਲ ਨੂੰ ਟੈਂਟ 'ਚ ਰਹਿਣਾ ਪਿਆ।
ਗੁਜ਼ਾਰੇ ਲਈ ਵੇਚਣੇ ਪਏ ਗੋਲਗੱਪੇ
ਜੈਸਵਾਲ ਦੇ ਪਿਤਾ ਨੇ ਉਸ ਨੂੰ ਕਈ ਵਾਰ ਪੈਸੇ ਭੇਜੇ ਪਰ ਉਹ ਪੈਸੇ ਗੁਜ਼ਾਰੇ ਲਈ ਵੀ ਕਾਫੀ ਨਹੀਂ ਹੁੰਦੇ ਸੀ। ਰਾਮ ਲੀਲਾ ਦੇ ਸਮੇਂ ਜੈਸਵਾਲ ਨੇ ਆਜ਼ਾਦੀ ਮੈਦਾਨ 'ਤੇ ਗੋਲਗੱਪੇ ਵੀ ਵੇਚੇ। ਉਸ ਨੂੰ ਕਈ ਰਾਤਾਂ ਭੁੱਖਾ ਸੌਣਾ ਪੈਂਦਾ ਸੀ। ਇਸ ਦੌਰਾਨ ਉਸਦੀ ਮੁਲਾਕਾਤ ਇਕ ਸਥਾਨਕ ਕੋਚ ਜਵਾਲਾ ਸਿੰਘ ਨਾਲ ਹੋਈ। ਉਸ ਨਾਲ ਮਿਲਣ ਤੋਂ ਬਾਅਦ ਯਸ਼ਸਵੀ ਦੀ ਜ਼ਿੰਦਗੀ ਬਦਲ ਗਈ ਅਤੇ ਉਹ ਕ੍ਰਿਕਟ ਵਿਚ ਕਾਮਯਾਬੀ ਦੀਆਂ ਪੌੜੀਆਂ ਚੜਦਾ ਗਿਆ। ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਉਸ ਨੂੰ ਇੰਡੀਆ ਅੰਡਰ-19 ਵਿਚ ਵੀ ਚੁਣਿਆ ਗਿਆ ਸੀ।