ਕੁੰਬਲੇ ਦੇ ਇਸ ''ਚੇਲੇ'' ਨੇ ਕੀਤਾ ਕ੍ਰਿਕਟ ਜਗਤ ''ਚ ਕਾਰਨਾਮਾ, ਸਾਰੇ 10 ਵਿਕਟ ਝਟਕਾਏ

06/24/2017 1:30:04 PM

ਬੈਂਗਲੁਰੂ— ਟੀਮ ਇੰਡੀਆ ਦੇ ਸਾਬਕਾ ਕੋਚ ਅਨਿਲ ਕੁੰਬਲੇ ਨੂੰ ਭਾਰਤੀ ਕ੍ਰਿਕਟ ਟੀਮ 'ਚ ਸਿਰਫ ਉਨ੍ਹਾਂ ਦੇ ਸਫਲ ਪਰ ਵਿਵਾਦਤ ਕੋਚਿੰਗ ਕਰੀਅਰ ਦੇ ਲਈ ਹੀ ਨਹੀਂ ਜਾਣਿਆ ਜਾਂਦਾ ਹੈ ਸਗੋਂ ਅਨਿਲ ਕੁੰਬਲੇ ਇਕੋ-ਇਕ ਅਜਿਹੇ ਭਾਰਤੀ ਗੇਂਦਬਾਜ਼ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਇਕ ਪਾਰੀ 'ਚ 10 ਵਿਕਟਾਂ ਲੈਣ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਹੁਣ ਕੁੰਬਲੇ ਦੇ ਹੀ ਸੂਬੇ ਕਰਨਾਟਕ ਦੇ ਇਕ ਖਿਡਾਰੀ ਨੇ ਇਕ ਲੀਗ ਮੈਚ 'ਚ ਕੁੰਬਲੇ ਦੇ ਇਸ ਕਾਰਨਾਮੇ ਨੂੰ ਦੁਹਰਾਉਣ ਦਾ ਕੰਮ ਕੀਤਾ ਹੈ।

ਹਾਲਾਂਕਿ ਅਜਿਹਾ ਕਰਨ ਵਾਲੇ ਗੇਂਦਬਾਜ਼ ਕੁੰਬਲੇ ਦੀ ਤਰ੍ਹਾਂ ਲੈੱਗ ਸਪਿਨਰ ਨਾ ਹੋ ਕੇ ਇਕ ਮੀਡੀਅਮ ਪੇਸਰ ਹਨ। ਕਰਨਾਟਕ ਦੇ ਬਗਲਕੋਟ 'ਚ ਖੇਡੇ ਗਏ ਇਕ ਲੀਗ ਕ੍ਰਿਕਟ ਮੈਚ 'ਚ ਵਰੁਣ ਸੋਰਗਾਂਵੀ ਨੇ ਸਾਰੀਆਂ 10 ਵਿਕਟਾਂ ਲੈ ਕੇ ਵਿਰੋਧੀ ਟੀਮ ਨੂੰ 70 ਦੌੜਾਂ ਦੇ ਸਕੋਰ 'ਤੇ ਆਲਆਊਟ ਕਰਨ 'ਚ ਅਹਿਮ ਭੂਮਿਕਾ ਨਿਭਾਈ। ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ.ਐੱਸ.ਸੀ.ਏ) ਦੇ ਥਰਡ ਡਵੀਜ਼ਨ ਦਾ ਇਹ ਲੀਗ ਕ੍ਰਿਕਟ ਮੈਚ ਲਾਇਡ ਫਾਊਂਡੇਸ਼ਨ ਅਤੇ ਗੁਲੇਡਾਗੁੱਡਾ ਟੀਮ ਵਿਚਾਲੇ ਖੇਡਿਆ ਗਿਆ।

5 ਬੋਲਡ, 2 ਐੱਲ.ਬੀ.ਡਬਲਯੂ., 3 ਕੈਚ ਆਊਟ
ਲਾਇਡ ਫਾਊਂਡੇਸ਼ਨ ਵੱਲੋਂ ਵਰੁਣ ਨੇ ਸਾਰੀਆਂ 10 ਵਿਕਟਾਂ ਲੈ ਕੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਮੱਧਮ ਗਤੀ ਦੇ ਗੇਂਦਬਾਜ਼ ਨੇ ਆਪਣੀਆਂ 10 ਵਿਕਟਾਂ 'ਚੋਂ 5 ਬੱਲੇਬਾਜ਼ਾਂ ਨੂੰ ਕਲੀਨ ਬੋਲਡ ਕੀਤਾ, 2 ਖਿਡਾਰੀਆਂ ਨੂੰ ਐਲ.ਬੀ.ਡਬਲਯੂ ਅਤੇ ਬਾਕੀ ਦੇ ਤਿੰਨ ਬੱਲੇਬਾਜ਼ਾਂ ਨੂੰ ਕੈਚ ਆਊਟ ਕਰਵਾਇਆ। ਵਰੁਣ ਦੀ ਖਤਰਨਾਕ ਗੇਂਦਬਾਜ਼ੀ ਦੀ ਬਦੌਲਤ ਵਿਰੋਧੀ ਟੀਮ 15 ਓਵਰਾਂ 'ਚ 70 ਦੌੜਾਂ 'ਤੇ ਆਲ ਆਊਟ ਹੋ ਗਈ।

ਬੱਲੇ ਨਾਲ ਵੀ ਦਿਖਾਇਆ ਕਮਾਲ
ਗੇਂਦ ਤੋਂ ਇਲਾਵਾ ਵਰੁਣ ਨੇ ਇਸ ਮੈਚ 'ਚ ਬੱਲੇ ਨਾਲ ਵੀ ਖੂਬ ਕਮਾਲ ਦਿਖਾਇਆ। ਇਸ ਸਕੋਰ ਦਾ ਪਿੱਛਾ ਕਰਨ ਦੇ ਲਈ ਉਤਰੀ ਲਾਇਡ ਟੀਮ ਦੇ ਲਈ ਵਰੁਣ ਨੇ ਸਿਰਫ 30 ਗੇਂਦਾਂ 'ਚ ਫਟਾਫਟ 58 ਦੌੜਾਂ ਬਣਾਈਆਂ। ਉਨ੍ਹਾਂ ਦੀ 58 ਦੌੜਾਂ ਦੀ ਇਸ ਪਾਰੀ 'ਚ 10 ਚੌਕੇ ਅਤੇ ਇਕ ਛੱਕਾ ਸ਼ਾਮਲ ਸਨ। ਵਰੁਣ ਦੀ ਮੈਚ ਵਿਨਿੰਗ ਪਾਰੀ ਦੀ ਬਦੌਲਤ ਲਾਇਡ ਦੀ ਟੀਮ ਨੇ ਇਹ ਮੈਚ 9 ਓਵਰਾਂ 'ਚ 8 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਇਸ ਪ੍ਰਦਰਸ਼ਨ ਦੇ ਲਈ ਵਰੁਣ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ।

ਕੁੰਬਲੇ ਦੇ ਨਕਸ਼ੇਕਦਮ 'ਤੇ 
ਵਰੁਣ ਲਗਾਤਾਰ ਕੁੰਬਲੇ ਦੇ ਨਕਸ਼ੇਕਦਮ 'ਤੇ ਚਲ ਰਹੇ ਹਨ। ਵਰੁਣ ਅਤੇ ਅਨਿਲ ਦੋਵੇਂ ਹੀ ਕਰਨਾਟਕ ਤੋਂ ਹਨ। ਵਰੁਣ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ। ਜਦਕਿ, ਅਨਿਲ ਕੁੰਬਲੇ ਵੀ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਅੰਡਰ-16 'ਚ ਕਰਨਾਟਕ ਦੀ ਸਟੇਟ ਟੀਮ ਦੇ ਲਈ ਖੇਡ ਚੁੱਕੇ ਹਨ ਤਾਂ ਕੁੰਬਲੇ ਵੀ ਕਰਨਾਟਕ ਦੀ ਟੀਮ ਨਾਲ ਖੇਡ ਚੁੱਕੇ ਸਨ।


Related News