ਭਾਰਤੀ ਕ੍ਰਿਕਟ ਦਾ ਸਭ ਤੋਂ ਬੁਰਾ ਦੌਰ ਸੀ 2007 ਵਿਸ਼ਵ ਕੱਪ

09/12/2017 4:30:58 PM

ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਹੈ ਕਿ ਭਾਰਤੀ ਟੀਮ ਦੇ ਲਈ 2007 ਦਾ ਵਿਸ਼ਵ ਕੱਪ ਸਭ ਤੋਂ ਬੁਰਾ ਦੌਰ ਸੀ। ਇਕ ਪ੍ਰੋਗਰਾਮ 'ਚ ਪਹੁੰਚੇ ਤੇਂਦੁਲਕਰ ਨੇ ਕਿਹਾ ਕਿ ਵੈਸਟ ਇੰਡੀਜ਼ 'ਚ 2007 ਵਿਸ਼ਵ ਕੱਪ ਦੇ ਪਹਿਲੇ ਦੌਰ 'ਚੋਂ ਟੀਮ ਦੇ ਬਾਹਰ ਹੋਣ ਦੇ ਨਾਲ ਭਾਰਤੀ ਕ੍ਰਿਕਟ 'ਚ ਕਈ ਹਾਂ ਪੱਖੀ ਬਦਲਾਅ ਆਏ।  ਕੌਮਾਂਤਰੀ ਕ੍ਰਿਕਟ 'ਚ ਰਿਕਾਰਡਾਂ ਦੇ ਬਾਦਸ਼ਾਹ ਦੇ ਤੌਰ 'ਤੇ ਜਾਣੇ ਜਾਣ ਵਾਲੇ ਇਸ ਖਿਡਾਰੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ 2006-07 ਦਾ ਸੈਸ਼ਨ ਸਾਡੇ (ਟੀਮ) ਲਈ ਸਭ ਤੋਂ ਬੁਰਾ ਸੀ। ਅਸੀਂ ਵਿਸ਼ਵ ਕੱਪ ਦੇ ਸੁਪਰ ਅੱਠ ਦੇ ਦੌਰ ਦੇ ਲਈ ਵੀ ਕੁਆਲੀਫਾਈ ਨਹੀਂ ਕਰ ਸਕੇ ਸਨ। ਪਰ ਅਸੀਂ ਉੱਥੋਂ ਵਾਪਸੀ ਕੀਤੀ, ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕੀਤਾ ਅਤੇ ਸਹੀ ਦਿਸ਼ਾ 'ਚ ਅੱਗੇ ਵਧਣਾ ਸ਼ੁਰੂ ਕੀਤਾ।''

ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਉਸ ਵਿਸ਼ਵ ਕੱਪ 'ਚ ਭਾਰਤੀ ਟੀਮ ਗਰੁੱਪ ਪੜਾਅ 'ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਤੋਂ ਹਾਰ ਗਈ ਸੀ। ਤੇਂਦੁਲਕਰ ਨੇ ਕਿਹਾ, ''ਵਿਸ਼ਵ ਕੱਪ ਦੇ ਬਾਅਦ ਸਾਨੂੰ ਕਈ ਬਦਲਾਅ ਕਰਨੇ ਪਏ ਅਤੇ ਇਕ ਵਾਰ ਅਸੀਂ ਇਹ ਤੈਅ ਕਰ ਲਿਆ ਕਿ ਟੀਮ ਦੇ ਤੌਰ 'ਤੇ ਸਾਨੂੰ ਕੀ ਕਰਨਾ ਹੈ ਅਤੇ ਅਸੀਂ ਪੂਰੀ ਸ਼ਿੱਦਤ ਦੇ ਨਾਲ ਉਸ ਨੂੰ ਕਰਨ ਦੇ ਲਈ ਵਚਨਬੱਧ ਸਨ ਜਿਸ ਦੇ ਨਤੀਜੇ ਵੀ ਆਏ।'' ਸੈਂਕੜਿਆਂ ਦਾ ਸੈਂਕੜਾ ਲਾਉਣ ਦੇ ਬਾਅਦ ਇਸ ਬੱਲੇਬਾਜ਼ ਨੇ ਕਿਹਾ, ''ਸਾਨੂੰ ਕਈ ਬਦਲਾਅ ਕਰਨੇ ਸਨ। ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਸਹੀ ਸੀ ਜਾਂ ਗ਼ਲਤ। ਇਹ ਬਦਲਾਅ ਇਕ ਦਿਨ 'ਚ ਨਹੀਂ ਆਇਆ। ਸਾਨੂੰ ਨਤੀਜਿਆਂ ਦੇ ਲਈ ਇੰਤਜ਼ਾਰ ਕਰਨਾ ਪਿਆ। ਮੈਨੂੰ ਵਿਸ਼ਵ ਕੱਪ ਦੀ ਟਰਾਫੀ ਨੂੰ ਚੁੱਕਣ ਦੇ ਲਈ 21 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ।'' ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2011 'ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਤੇਂਦੁਲਕਰ ਮਹੱਤਵਪੂਰਨ ਮੈਂਬਰ ਸਨ।


Related News