ਭਾਰਤੀ ਦੌੜਾਕਾਂ ਤੋਂ ਵਿਸ਼ਵ ਰਿਲੇਅ ’ਚ ਚੰਗੇ ਨਤੀਜੇ ਦੀ ਉਮੀਦ

Saturday, May 04, 2024 - 11:29 AM (IST)

ਭਾਰਤੀ ਦੌੜਾਕਾਂ ਤੋਂ ਵਿਸ਼ਵ ਰਿਲੇਅ ’ਚ ਚੰਗੇ ਨਤੀਜੇ ਦੀ ਉਮੀਦ

ਨਸਾਓ (ਬਹਾਮਾਸ)– ਭਾਰਤ ਦਾ 15 ਮੈਂਬਰੀ ਮਜ਼ਬੂਤ ਦਲ ਨਸਾਓ ਵਿਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾਂ ਵਿਸ਼ਵ ਐਥਲੈਟਿਕਸ ਰਿਲੇਅ ਬਹਾਮਾਸ 24 ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਤਿੰਨੇ ਸ਼੍ਰੇਣੀਆਂ ਵਿਚ ਪੈਰਿਸ ਓਲੰਪਿਕ ਦਾ ਕੋਟਾ ਪੱਕਾ ਕਰਨਾ ਚਾਹੇਗਾ। ਭਾਰਤੀ ਪੁਰਸ਼ 4 ਗੁਣਾ 400 ਰਿਲੇਅ ਟੀਮ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਬਟੋਰ ਰਹੀ ਹੈ। ਇਸ ਟੀਮ ਨੇ ਟੋਕੀਓ ਓਲੰਪਿਕ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ ਤੇ ਇਸ ਤੋਂ ਬਾਅਦ ਪਿਛਲੇ ਸਾਲ ਅਗਸਤ ਵਿਚ ਬੁਡਾਪੇਸਟ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਅਮਰੀਕਾ ਦੇ ਖਿਡਾਰੀਆਂ ਨੂੰ ਚੁਣੌਤੀ ਦਿੱਤੀ। ਟੀਮ ਨੇ ਹਾਂਗਝੋਊ ਏਸ਼ੀਆਈ ਖੇਡਾਂ ਵਿਚ 3 ਮਿੰਟ 01:58 ਸੈਕੰਡ ਦੇ ਸਮੇਂ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੁਡਾਪੇਸਟ ਵਿਚ ਮੁਹੰਮਦ ਅਨਸ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਤੇ ਰਾਜੇਸ਼ ਰਮੇਸ਼ ਦੀ ਭਾਰਤੀ ਚੌਕੜੀ ਵੱਲੋਂ ਬਣਾਏ ਗਏ 2:59.05 ਸੈਕੰਡ ਦੇ ਰਾਸ਼ਟਰੀ ਤੇ ਏਸ਼ੀਆਈ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਹ ਹਾਲਾਂਕਿ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਇਸ ਚੌਕੜੀ ਦਾ ਮੌਜੂਦਾ ਸੈਸ਼ਨ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਤਿੰਨ ਮਿੰਟ 05.71 ਸੈਕੰਡ ਰਿਹਾ ਹੈ। ਇਹ ਉਸਦੇ ਹਾਂਗਝੋਊ ਦੇ ਪ੍ਰਦਰਸ਼ਨ ਤੋਂ ਲੱਗਭਗ 4 ਸੈਕੰਡ ਵੱਧ ਹੈ।
ਓਲੰਪਿਕ ਲਈ ਵਿਸ਼ਵ ਰਿਲੇਅ ਸਵਰੂਪ ਦੇ ਅਨੁਸਾਰ ਸ਼ਨੀਵਾਰ ਨੂੰ ਹਰੇਕ ਹੀਟ ਵਿਚੋਂ ਚੋਟੀ ਦੀਆਂ ਦੋ ਟੀਮਾਂ ਫਾਈਨਲ ਵਿਚ ਪਹੁੰਚਣ ਦੇ ਨਾਲ ਪੈਰਿਸ ਦੀ ਟਿਕਟ ਹਾਸਲ ਕਰਨਗੀਆਂ। ਭਾਰਤ ਪੁਰਸ਼, ਮਹਿਲਾ ਤੇ ਮਿਕਸਡ 4 ਗੁਣਾ 400 ਮੀਟਰ ਵਿਚ ਟੀਮਾਂ ਉਤਾਰੇਗਾ। ਇਸ ਵਿਚ ਪੁਰਸ਼ ਚੌਕੜੀ ਪਿਛਲੇ ਸਾਲ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਪੈਰਿਸ ਲਈ ਕੁਆਲੀਫਾਈ ਕਰਨ ਲਈ ਸਰਵਸ੍ਰੇਸ਼ਠ ਸਥਿਤੀ ਵਿਚ ਹੈ। ਭਾਰਤ ਨੇ 8 ਮੈਂਬਰੀ ਪੁਰਸ਼ 4 ਗੁਣਾ 400 ਮੀਟਰ ਰਿਲੇਅ ਟੀਮ ਇੱਥੇ ਭੇਜੀ ਹੈ, ਜਿਸ ਵਿਚ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜੇਤੂ ਅਮੋਜ ਜੈਕਬ, ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ ਤੇ ਰਾਜੇਸ਼ ਸ਼ਰਮਾ ਦੀ ਚੌਕੜੀ ਸ਼ਾਮਲ ਹੈ। ਟੀਮ ਵਿਚ 2018 ਜਕਾਰਤਾ ਏਸ਼ੀਆਈ ਖੇਡਾਂ ਦੇ ਮਿਕਸਡ ਰਿਲੇਅ ਸੋਨ ਤਮਗਾ ਜੇਤੂ ਰਾਜੀਵ ਅਰੋਕੀਆ, ਨੂਹ ਨਿਰਮਲ ਟਾਮ, ਯਸ਼ਸ ਪਲਾਕਸ਼ ਤੇ ਅਵਿਨਾਸ਼ ਕ੍ਰਿਸ਼ਣ ਕੁਮਾਰ ਵੀ ਸ਼ਾਮਲ ਹਨ।
ਅਮੋਜ, ਅਰੋਕੀਆ, ਨਿਰਮਲ ਤੇ ਅਨਸ ਦੀ ਚੌਕੜੀ ਨੇ ਵੀ ਟੋਕੀਓ ਓਲੰਪਿਕ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ 3 ਮਿੰਟ ਤੇ 00.25 ਸੈਕੰਡ ਦੇ ਸਮੇਂ ਨਾਲ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਸੀ ਪਰ ਏਸ਼ੀਆਈ ਰਿਕਾਰਡ ਸਥਾਪਤ ਕਰਨ ਤੇ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ। ਭਾਰਤ ਨੇ ਮਹਿਲਾਵਾਂ ਦੀ 4 ਗੁਣਾ 400 ਮੀਟਰ ਰਿਲੇਅ ਪ੍ਰਤੀਯੋਗਿਤਾ ਲਈ 7 ਮੈਂਬਰੀ ਤਜਰਬੇਕਾਰ ਟੀਮ ਨੂੰ ਭੇਜਿਆ ਹੈ। ਇਸਦੀ ਅਗਵਾਈ ਕਈ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਐੱਮ. ਆਰ. ਪੂਵਮਾ ਕਰੇਗੀ। ਟੀਮ ਵਿਚ ਵਿਥਯਾ ਰਾਮਰਾਜ, ਐਸ਼ਵਰਿਆ ਮਿਸ਼ਰਾ, ਪ੍ਰਾਚੀ ਤੇ ਸੁਭਾ ਵੈਂਕਟੇਸ਼ਨ ਦੀ ਹਾਂਗਝੋਊ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਖਿਡਾਰੀ ਵੀ ਹਨ। ਰੂਪਲ ਤੇ ਜਯੋਤਿਕਾ ਸ਼੍ਰੀ ਦਾਂਡੀ ਟੀਮ ਦੀਆਂ ਹੋਰ ਮੈਂਬਰ ਹਨ। ਹਾਂਗਝੋਊ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਟੀਮ ਤੋਂ ਵੀ ਕਾਫੀ ਉਮੀਦਾਂ ਹੋਣਗੀਆਂ।
ਭਾਰਤ ਸਮੇਤ 4 ਗੁਣਾ 400 ਮੀਟਰ ਰਿਲੇਅ ਵਿਚ ਕੁਲ 32 ਪੁਰਸ਼ ਟੀਮਾਂ ਮੈਦਾਨ ਵਿਚ ਹੋਣਗੀਆਂ ਜਦਕਿ ਮਹਿਲਾ ਵਰਗ ਵਿਚ ਭਾਰਤ ਸਮੇਤ 4 ਗੁਣਾ 400 ਮੀਟਰ ਵਿਚ 27 ਟੀਮਾਂ ਮੁਕਾਬਲੇਬਾਜ਼ੀ ਕਰਨਗੀਆਂ। ਮਿਕਸਡ ਵਰਗ ਵਿਚ ਭਾਰਤ ਸਮੇਤ ਚਾਰ ਗੁਣਾ 400 ਮੀਟਰ ਦੌਰਾਨ 30 ਟੀਮਾਂ ਮੈਦਾਨ ਵਿਚ ਹੋਣਗੀਆਂ।


author

Aarti dhillon

Content Editor

Related News