ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤੀ ਪੁਰਸ਼ ਰਿਕਰਵ ਟੀਮ ਦੀ 14 ਸਾਲ ਬਾਅਦ ਇਤਿਹਾਸਕ ਜਿੱਤ
Sunday, Apr 28, 2024 - 08:02 PM (IST)
ਸ਼ੰਘਾਈ- ਭਾਰਤੀ ਪੁਰਸ਼ ਰਿਕਰਵ ਟੀਮ ਦੇ ਧੀਰਜ ਬੋਮਮਦੇਵਰਾ, ਤਰੁਣਦੀਪ ਰਾਏ ਤੇ ਪ੍ਰਵੀਨ ਜਾਧਵ ਨੇ ਮੌਜੂਦਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਪਛਾੜਦੇ ਹੋਏ ਐੈਤਵਾਰ ਨੂੰ ਇੱਥੇ 14 ਸਾਲ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ। ਇਹ ਵਿਸ਼ਵ ਕੱਪ ਦੇ ਆਖਰੀ ਮੁਕਾਬਲੇ ਵਿਚ ਭਾਰਤੀ ਪੁਰਸ਼ ਰਿਕਰਵ ਟੀਮ ਦੀ ਪਹਿਲੀ ਜਿੱਤ ਹੈ ਤੇ ਇਸ ਨਾਲ ਆਗਾਮੀ ਪੈਰਿਸ ਓਲੰਪਿਕ ਵਿਚ ਜਗ੍ਹਾ ਪੱਕੀ ਕਰਨ ਦੀਆਂ ਉਸਦੀਆਂ ਸੰਭਾਵਨਾਵਾਂ ਨੂੰ ਹੁੰਗਾਰਾ ਮਿਲੇਗਾ।
ਧੀਰਜ, ਤਰੁਣਦੀਪ ਤੇ ਪ੍ਰਵੀਨ ਦੀ ਤਿੱਕੜੀ ਨੇ ਸ਼ਾਨਦਾਰ ਸਬਰ ਦਿਖਾਉਂਦੇ ਹੋਏ ਇਕ ਵੀ ਸੈੱਟ ਗੁਆਏ ਬਿਨਾਂ ਬੇਹੱਦ ਮਜ਼ਬੂਤ ਕੋਰੀਆਈ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ।
ਸੈਨਾ ਦਾ 40 ਸਾਲਾ ਤਰੁਣਦੀਪ ਅਗਸਤ 2010 ਵਿਚ ਸ਼ੰਘਾਈ ਵਿਸ਼ਵ ਕੱਪ ਦੇ ਚੌਥੇ ਗੇੜ ਵਿਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਤਦ ਰਾਹੁਲ ਬੈਨਰਜੀ, ਤਰੁਣਦੀਪ ਤੇ ਜਯੰਤ ਦੀ ਰਿਕਰਵ ਟੀਮ ਨੇ ਜਾਪਾਨ ਨੂੰ ਹਰਾਇਆ ਸੀ। ਪ੍ਰਤੀਯੋਗਿਤਾ ਵਿਚ ਚੋਟੀ ਦੋ ਦਾ ਦਰਜਾ ਪ੍ਰਾਪਤ ਟੀਮਾਂ ਦੇ ਮੁਕਾਬਲੇ ਵਿਚ ਭਾਰਤ ਨੇ 5-1 (57-57, 57-55, 55-53) ਨਾਲ ਜਿੱਤ ਹਾਸਲ ਕੀਤੀ। ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਦਾ ਇਹ 5ਵਾਂ ਸੋਨ ਤਮਗਾ ਹੈ। ਇਸ ਸ਼ਾਨਦਾਰ ਸਫਲਤਾ ਤੋਂ ਬਾਅਦ ਅੰਕਿਤਾ ਭਗਤ ਤੇ ਧੀਰਜ ਦੀ ਰਿਕਰਵ ਮਿਕਸਡ ਟੀਮ ਨੇ ਵੀ ਕਾਂਸੀ ਤਮਗਾ ਜਿੱਤ ਕੇ ਭਾਰਤੀ ਦਲ ਦੀ ਖੁਸ਼ੀ ਵਿਚ ਵਾਧਾ ਕੀਤਾ।