ਜ਼ਖਮੀ ਫਿੰਚ ਦੀ ਜਗ੍ਹਾ ਕੰਗਾਰੂ ਟੀਮ ''ਚ ਹੋਈ ਮੈਕਸਵੇਲ ਦੀ ਵਾਪਸੀ
Thursday, Jan 25, 2018 - 03:19 PM (IST)
ਨਵੀਂ ਦਿੱਲੀ (ਬਿਊਰੋ)— ਆਸਟਰੇਲੀਆ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੂੰ ਸੱਟ ਦੀ ਵਜ੍ਹਾ ਨਾਲ ਇੰਗਲੈਂਡ ਖਿਲਾਫ ਹੋਣ ਵਾਲੇ ਚੌਥੇ ਵਨਡੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਫਿੰਚ ਦੀ ਜਗ੍ਹਾ ਵਨਡੇ ਫਾਰਮੇਟ ਦੇ ਇਕ ਹੋਰ ਸ਼ਾਨਦਾਰ ਬੱਲੇਬਾਜ ਗਲੇਨ ਮੈਕਸਵੇਲ ਦੀ ਆਸਟਰੇਲੀਆ ਟੀਮ ਵਿਚ ਵਾਪਸੀ ਹੋਈ ਹੈ। ਦੱਸ ਦਈਏ ਕਿ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕਰਦੇ ਸਮੇਂ ਖ਼ਰਾਬ ਫ਼ਾਰਮ ਦੀ ਵਜ੍ਹਾ ਨਾਲ ਮੈਕਸਵੇਲ ਨੂੰ ਅਣਦੇਖਾ ਕੀਤਾ ਗਿਆ ਸੀ ਪਰ ਹੁਣ ਜਦੋਂ ਕਿ ਫਿੰਚ ਹੈਮਸਟਰਿੰਗ ਇੰਜਰੀ ਦੇ ਚਲਦੇ ਟੀਮ ਤੋਂ ਬਾਹਰ ਹੋ ਗਏ ਹਨ, ਤਾਂ ਮੈਕਸਵੇਲ ਨੂੰ ਇਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।

ਬਿਗ ਬੈਸ਼ 'ਚ ਵਧੀਆ ਪ੍ਰਦਰਸ਼ਨ
ਹਾਲ ਹੀ ਵਿਚ ਬਿਗ ਬੈਸ਼ ਲੀਗ ਵਿਚ ਮੈਕਸਵੇਲ ਨੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਬਿਗ ਬੈਸ਼ ਲੀਗ ਵਿੱਚ ਮੈਲਬੋਰਨ ਸਟਾਰਸ ਵੱਲੋਂ ਖੇਡਦੇ ਹੋਏ ਸਿਡਨੀ ਸਿਕਸਰਸ ਖਿਲਾਫ ਮੈਚ ਵਿਚ ਮੈਕਸਵੇਲ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ। ਮੈਕਸਵੇਲ ਨੇ ਸਿਰਫ 23 ਗੇਂਦਾਂ ਉੱਤੇ 50 ਦੌੜਾਂ ਬਣਾਈਆਂ। ਉਨ੍ਹਾਂ ਨੇ 178 ਦੀ ਸਟਰਾਈਕ ਰੇਟ ਨਾਲ ਖੇਡਦੇ ਹੋਏ 7 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 47 ਗੇਂਦਾਂ ਉੱਤੇ 84 ਦੌੜਾਂ ਬਣਾਈਆਂ ਹਨ। ਜਿਸਦੀ ਮਦਦ ਨਾਲ ਮੈਲਬੋਰਨ ਸਟਾਰਸ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 189 ਦੌੜਾਂ ਬਣਾਈਆਂ।
ਇੰਗਲੈਂਡ ਅਤੇ ਆਸਟਰੇਲੀਆ ਦਰਮਿਆਨ ਚੌਥਾ ਵਨਡੇ ਕੱਲ ਯਾਨੀ ਕਿ 26 ਜਨਵਰੀ ਨੂੰ ਐਡੀਲੇਡ ਵਿਚ ਖੇਡਿਆ ਜਾਵੇਗਾ। ਮੈਕਸਵੇਲ ਅੱਜ ਆਸਟਰੇਲੀਆ ਟੀਮ ਨਾਲ ਜੁੜਨਗੇ। ਉਥੇ ਹੀ ਪੰਜਵੇਂ ਵਨਡੇ ਵਿਚ ਫਿੰਚ ਦੇ ਖੇਡਣ ਦਾ ਫੈਸਲਾ ਉਨ੍ਹਾਂ ਦੀ ਫਿਟਨੈੱਸ ਜਾਂਚ ਦੇ ਬਾਅਦ ਲਿਆ ਜਾਵੇਗਾ।
