ਗਾਵਸਕਰ ਨੇ ਦਿੱਤੀ ਗਾਂਗੁਲੀ ਨੂੰ ਸਲਾਹ, ਕਿਹਾ- ਮਹਿਲਾਵਾਂ ਦਾ IPL ਕਰੋ ਸ਼ੁਰੂ
Monday, Mar 09, 2020 - 03:19 PM (IST)
ਸਪੋਰਟਸ ਡੈਸਕ— ਮਹਿਲਾ ਟੀ-20 ਵਰਲਡ ਕੱਪ ਫਾਈਨਲ ’ਚ ਆਸਟਰੇਲੀਆ ਦੇ ਹੱਥੋਂ ਭਾਰਤ ਦੀ ਹਾਰ ਦੇ ਬਾਅਦ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਮਹਿਲਾ ਕ੍ਰਿਕਟ ’ਚ ਹੁਨਰ ਦੀ ਭਾਲ ਲਈ ਮਹਿਲਾਵਾਂ ਦਾ ਆਈ. ਪੀ. ਐੱਲ. ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਪਹਿਲੀ ਵਾਰ ਫਾਈਨਲ ’ਚ ਪਹੁੰਚੀ ਭਾਰਤੀ ਟੀਮ ਨੂੰ 85 ਦੌੜਾਂ ਨਾਲ ਹਾਰ ਝਲਣੀ ਪਈ। ਗਾਵਸਕਰ ਨੇ ਹਾਲਾਂਕਿ ਕਿਹਾ ਕਿ ਅਜੇਤੂ ਰਹਿੰਦੇ ਹੋਏ ਭਾਰਤ ਦਾ ਫਾਈਨਲ ’ਚ ਪਹੁੰਚਣਾ ਦਿਖਾਉਂਦਾ ਹੈ ਕਿ ਚੀਜ਼ਾਂ ਸਹੀ ਦਿਸ਼ਾ ਵੱਲ ਜਾ ਰਹੀਆਂ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਸੌਰਵ ਗਾਂਗੁਲੀ ਅਤੇ ਬੀ. ਸੀ. ਸੀ. ਆਈ. ਨੂੰ ਕਹਿਣਾ ਚਾਹੁੰਦਾ ਹਾਂ ਕਿ ਅਗਲੇ ਸਾਲ ਤੋਂ ਮਹਿਲਾਵਾਂ ਦਾ ਆਈ. ਪੀ. ਐੱਲ. ਵੀ ਸ਼ੁਰੂ ਕੀਤਾ ਜਾਵੇ ਤਾਂ ਜੋ ਹੋਰ ਹੁਨਰਮੰਦ ਮਹਿਲਾ ਕ੍ਰਿਕਟਰ ਅੱਗੇ ਆਉਣ। ਭਾਰਤ ’ਚ ਹੁਨਰ ਦੀ ਕਮੀ ਨਹੀ ਹੈ ਅਤੇ ਭਾਰਤੀ ਟੀਮ ਦੇ ਇਸ ਪ੍ਰਦਰਸ਼ਨ ਦੇ ਬਾਅਦ ਹੋਰ ਹੁਨਰਮੰਦ ਮਹਿਲਾ ਕ੍ਰਿਕਟਰ ਸਾਹਮਣੇ ਆਉਣਗੀਆਂ।’’ ਉਨ੍ਹਾਂ ਕਿਹਾ, ‘‘ਜੇਕਰ ਅੱਠ ਟੀਮਾਂ ਨਹੀਂ ਵੀ ਹਨ ਤਾਂ ਵੀ ਮਹਿਲਾਵਾਂ ਦਾ ਆਈ. ਪੀ. ਐੱਲ. ਹੋ ਸਕਦਾ ਹੈ।’’
ਗਾਵਸਕਰ ਨੇ ਕਿਹਾ, ‘‘ਬੀ. ਸੀ. ਸੀ. ਆਈ. ਮਹਿਲਾ ਕ੍ਰਿਕਟਰਾਂ ਦਾ ਚੰਗੀ ਤਰ੍ਹਾਂ ਖਿਆਲ ਰੱਖ ਰਿਹਾ ਹੈ ਅਤੇ ਇਹੋ ਵਜ੍ਹਾ ਹੈ ਕਿ ਮਹਿਲਾਵਾਂ ਨੇ ਕ੍ਰਿਕਟ ’ਚ ਇੰਨੀ ਤਰੱਕੀ ਕੀਤੀ ਹੈ। ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਭਾਰਤੀ ਟੀਮ ਆਸਟਰੇਲੀਆ ਪਹੁੰਚੀ ਅਤੇ ਮੇਜ਼ਬਾਨ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਵੀ ਖੇਡੀ। ਉਨ੍ਹਾਂ ਨੇ ਸਮਿ੍ਰਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਦਾ ਉਦਾਹਰਨ ਦਿੱਤਾ ਜਿਨ੍ਹਾਂ ਨੇ ਬਿਗ ਬੈਸ਼ ਲੀਗ ਖੇਡੀ ਜਿਸ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ। ਠੀਕ ਉਸੇ ਤਰ੍ਹਾਂ ਜਿਵੇਂ ਆਈ. ਪੀ. ਐੱਲ. ਨਾਲ ਭਾਰਤੀ ਪੁਰਸ਼ ਕ੍ਰਿਕਟਰਾਂ ਨੂੰ ਫਾਇਦਾ ਮਿਲਿਆ ਹੈ।’’
ਇਹ ਵੀ ਪੜ੍ਹੋ : ਗਾਵਸਕਰ ਨੇ ਦਿੱਤੀ ਗਾਂਗੁਲੀ ਨੂੰ ਸਲਾਹ, ਕਿਹਾ- ਮਹਿਲਾਵਾਂ ਦਾ IPL ਕਰੋ ਸ਼ੁਰੂ