ਯੁਵਰਾਜ ਤੋਂ 3 ਲਗਾਤਾਰ ਛੱਕੇ ਖਾਣ ਤੋਂ ਬਾਅਦ ਸਟੁਅਰਟ ਬ੍ਰਾਡ ਨੇ ਚਾਹਲ ਨੂੰ ਦਿੱਤਾ ਇਹ ਚੈਲੰਜ
Saturday, Mar 30, 2019 - 02:12 PM (IST)
ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡੇ ਗਏ ਮੁੰਬਈ ਮੈਚ ਦੇ ਖੱਬੂ ਬੱਲੇਬਾਜ਼ ਅਤੇ ਸਿਕਸਰ ਕਿੰਗਜ਼ ਯੁਵਰਾਜ ਸੁਰਖੀਆਂ 'ਚ ਆ ਗਏ ਜਦੋਂ ਉਸ ਨੇ ਆਰ. ਸੀ. ਬੀ. ਦੇ ਫਿਰਕੀ ਗੇਂਦਬਾਜ਼ ਯੁਜਵੇਂਦਰ ਚਾਹਲ ਨੂੰ ਇਕ ਓਵਰ ਵਿਚ 3 ਛੱਕੇ ਮਾਰੇ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਫਲਾਪ ਚੱਲ ਰਹੇ ਯੁਵਰਾਜ ਨੇ ਜਦੋਂ ਚਾਹਲ ਨੂੰ ਲਗਾਤਾਰ 3 ਛੱਕੇ ਲਾਏ ਤਾਂ ਕ੍ਰਿਕਟ ਪ੍ਰੇਮੀਆਂ ਨੂੰ 6 ਛੱਕਿਆਂ ਦੀ ਯਾਦ ਆ ਗਈ। ਯੁਵੀ ਸਟੁਅਰਟ ਬ੍ਰਾਡ ਦੀ ਤਰ੍ਹਾਂ ਚਾਹਲ ਨੂੰ ਵੀ 6 ਛੱਕੇ ਲਾਉਣਾ ਚਾਹੁੰਦੇ ਸੀ ਪਰ ਚੌਥੀ ਗੇਂਦ 'ਤੇ ਉਹ ਬਾਊਂਡਰੀ 'ਤੇ ਕੈਚ ਹੋ ਗਏ। ਯੁਵੀ ਦੇ ਇਸ ਹਮਲੇ ਬਾਰੇ ਜਦੋਂ ਚਾਹਲ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਨੂੰ 3 ਛੱਕਿਆਂ ਤੋਂ ਬਾਅਦ ਸਟੁਅਰਟ ਬ੍ਰਾਡ ਵਰਗਾ ਫੀਲ ਹੋ ਰਿਹਾ ਸੀ।''

ਚਾਹਲ ਨੇ ਕ੍ਰਿਕਇਨਫੋ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਤੁਹਾਨੂੰ ਸੱਚ-ਸੱਚ ਦਸਦਾ ਹਾਂ, ਜਦੋਂ ਯੁਵੀ ਨੇ ਮੈਨੂੰ 3 ਛੱਕੇ ਮਾਰੇ ਤਾਂ ਮੈਂ ਸਟੁਅਰਟ ਬ੍ਰਾਡ ਵਰਗਾ ਮਿਹਸੂਸ ਕਰ ਰਿਹਾ ਸੀ।'' ਚਾਹਲ ਦਾ ਇਹ ਬਿਆਨ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਜਿੱਥੇ ਬ੍ਰਾਡ ਨੇ ਉਸ ਨੂੰ ਜਵਾਬ ਦਿੰਦਿਆਂ ਲਿਖਿਆ, ''ਆਸ਼ਾ ਕਰਦਾ ਹਾਂ ਕਿ 10 ਸਾਲ ਬਾਅਦ ਤੁਸੀਂ ਟੈਸਟ ਕ੍ਰਿਕਟ ਵਿਚ 437 ਵਿਕਟਾਂ ਲੈ ਕੇ ਮੇਰੀ ਤਰ੍ਹਾਂ ਮਿਹਸੂਸ ਕਰੋ।'' ਇਸ ਜਵਾਬ ਦੇ ਸਕ੍ਰੀਨਸ਼ਾਟ ਨੂੰ ਕ੍ਰਿਕਇਨਫੋ ਨੇ ਟਵੀਟ ਕਰ ਲਿਖਿਆ, ''ਯੁਵੀ ਤੋਂ ਛੱਕੇ ਖਾਣ ਤੋਂ ਬਾਅਦ ਸਟੁਅਰਟ ਬ੍ਰਾਡ ਨੇ ਯੁਜਵੇਂਦਰ ਚਾਹਲ ਨੂੰ ਚੈਲੰਜ ਦਿੱਤਾ ਹੈ।''

ਦੱਸ ਦਈਏ ਕਿ ਵੀਰਵਾਰ ਖੇਡੇ ਗਏ ਮੈਚ ਵਿਚ ਯੁਵੀ ਨੇ ਯੁਜਵੇਂਦਰ ਦੇ ਉਵਰ ਵਿਚ ਪਹਿਲੀਆਂ 3 ਗੇਂਦਾਂ 'ਤੇ ਲਗਾਤਾਰ 3 ਛੱਕੇ ਲਾਏ ਸੀ। ਯੁਵੀ ਨੇ ਚਾਹਲ ਦੇ ਓਵਰ ਦੀ ਪਹਿਲੀ ਗੇਂਦ ਨੂੰ ਡੀਪ ਸਕਵੇਅਰ ਲੈਗ ਬਾਊਂਡਰੀ ਤੋਂ ਪਾਰ ਛੱਕੇ ਲਈ ਭੇਜਿਆ ਤਾਂ ਦੂਜੀ ਗੇਂਦ ਸਿਰ ਦੇ ਉਪਰੋਂ ਸਟ੍ਰੇਟ 'ਤੇ ਮਾਰੀ ਅਤੇ ਤੀਜਾ ਛੱਕਾ ਸਭ ਤੋਂ ਲੰਬਾ ਲਾਂਗ ਆਨ 'ਤੇ ਲਾਇਆ। ਯੁਵੀ ਨੂੰ ਦੇਖ ਅਜਿਹਾ ਲੱਗ ਰਿਹਾ ਸੀ ਕਿ ਯੁਵੀ ਇਕ ਵਾਰ ਫਿਰ 6 ਛੱਕੇ ਲਾਉਣ ਜਾ ਰਹੇ ਹਨ ਪਰ ਚੌਥੀ ਗੇਂਦ 'ਤੇ ਉਸ ਨੇ ਚਾਹਲ ਨੂੰ ਫਿਰ ਲਾਂਗ ਆਫ ਬਾਊਂਡਰੀ 'ਤੇ ਮਾਰਿਆ ਪਰ ਗੇਂਦ ਮੁਹੰਮਦ ਸਿਰਾਜ ਦੇ ਹੱਥਾਂ ਵਿਚ ਚੱਲ ਗਈ ਤੇ ਯੁਵੀ ਆਊਟ ਹੋ ਗਏ।
