ਨੀਦਰਲੈਂਡ ਦੇ ਸਟੀਫਨ ਮਾਈਬਰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Tuesday, Nov 08, 2022 - 01:30 PM (IST)

ਨੀਦਰਲੈਂਡ ਦੇ ਸਟੀਫਨ ਮਾਈਬਰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਐਡੀਲੇਡ (ਵਾਰਤਾ)- ਟੀ-20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਕਰਨ ਵਾਲੀ ਨੀਦਰਲੈਂਡ ਟੀਮ ਦੇ ਸਲਾਮੀ ਬੱਲੇਬਾਜ਼ ਸਟੀਫਨ ਮਾਈਬਰਗ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਾਈਬਰਗ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਲਿਖਿਆ, 'ਹੈਂਗਿੰਗ ਅੱਪ ਦਿ ਬੂਟਸ...। ਰੱਬ ਮਹਾਨ ਹੈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਮੈਂ ਵਿਸ਼ਵ ਕੱਪ ਵਿੱਚ ਆਪਣਾ ਕਰੀਅਰ ਦੱਖਣੀ ਅਫਰੀਕਾ ਖਿਲਾਫ ਜਿੱਤ ਨਾਲ ਸਮਾਪਤ ਕਰਾਂਗਾ। ਇਹ ਯਾਦ ਹਮੇਸ਼ਾ ਤਾਜ਼ਾ ਰਹੇਗੀ। ਮੈਂ ਕੇਐੱਨਬੀਸੀ ਕ੍ਰਿਕਟ ਅਤੇ ਨੀਦਰਲੈਂਡ ਦਾ ਧੰਨਵਾਦੀ ਹਾਂ। ਮੈਂ ਜੀਸਸ, ਦੋਸਤਾਂ, ਪਰਿਵਾਰ, ਸਪਾਂਸਰਾਂ ਅਤੇ ਸਾਰੇ ਸਮਰਥਕਾਂ ਦਾ ਧੰਨਵਾਦ ਕਹਿ ਸਕਦਾ ਹਾਂ।'

ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ ਸੰਨਿਆਸ ਲੈਣ ਦਾ ਮਨ ਬਣਾ ਲਿਆ ਹੈ। ਹਾਲਾਂਕਿ ਉਹ ਕਲੱਬ ਪੱਧਰ 'ਤੇ ਖੇਡਣਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ਵਿੱਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾਇਆ ਸੀ। ਇਸ ਮੈਚ 'ਚ 38 ਸਾਲਾ ਮਾਈਬਰਗ ਨੇ ਸਿਰਫ 30 ਗੇਂਦਾਂ 'ਚ 37 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਮਜ਼ਬੂਤ ​​ਆਧਾਰ ਦਿਵਾਇਆ, ਜਿਸ ਦੀ ਬਦੌਲਤ ਨੀਦਰਲੈਂਡ ਚਾਰ ਵਿਕਟਾਂ 'ਤੇ 158 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਸਕਿਆ ਸੀ।

ਪ੍ਰਿਟੋਰੀਆ ਵਿੱਚ ਜਨਮੇ ਮਾਈਬਰਗ ਨੇ 2011 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਅਤੇ ਆਪਣੇ ਕਰੀਅਰ ਵਿੱਚ 22 ਵਨਡੇ ਅਤੇ 45 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਲੜੀ ਤੋਂ ਬਾਅਦ ਵਨਡੇ ਤੋਂ ਸੰਨਿਆਸ ਲੈ ਲਿਆ ਸੀ। ਮਾਈਬਰਗ ਨੇ ਆਪਣੇ ਟੀ-20 ਕਰੀਅਰ 'ਚ 21.78 ਦੀ ਔਸਤ ਅਤੇ 114.51 ਦੀ ਸਟ੍ਰਾਈਕ ਰੇਟ ਨਾਲ 915 ਦੌੜਾਂ ਬਣਾਈਆਂ ਹਨ। 


author

cherry

Content Editor

Related News