ਸ਼੍ਰੀਲੰਕਾ ਨੇ ਪਿੱਚਾਂ ਤੇ ਟ੍ਰੇਨਿੰਗ ਸਹੂਲਤਾਂ ਬਾਰੇ ਆਈ. ਸੀ. ਸੀ. ਨੂੰ ਕੀਤੀ ਸ਼ਿਕਾਇਤ
Saturday, Jun 15, 2019 - 03:39 AM (IST)

ਲੰਡਨ- ਸ਼੍ਰੀਲੰਕਾ ਨੇ ਉਸ ਨੂੰ ਦਿੱਤੀਆਂ ਜਾ ਰਹੀਆਂ ਪਿੱਚਾਂ ਦੀ ਗੁਣਵੱਤਾ ਅਤੇ ਟ੍ਰੇਨਿੰਗ ਸਹੂਲਤਾਂ 'ਤੇ ਸਵਾਲ ਚੁੱਕਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਸ਼ਿਕਾਇਤ ਕੀਤੀ ਹੈ। ਸ਼੍ਰੀਲੰਕਾ ਦੀ ਟੀਮ ਦੇ ਮੈਨੇਜਰ ਅਸਾਂਥਾ ਡੀ. ਮੇਲ ਨੇ ਆਈ. ਸੀ. ਸੀ. ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮੈਚਾਂ ਲਈ ਪਿੱਚਾਂ ਵਧੀਆ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾਲ ਹੀ ਟ੍ਰੇਨਿੰਗ ਸਹੂਲਤਾਂ ਅਤੇ ਰਿਹਾਇਸ਼ ਵੀ ਵਧੀਆ ਨਹੀਂ ਹੈ।
ਸ਼੍ਰੀਲੰਕਾ ਦੇ ਹਾਲ 'ਚ ਹੀ 2 ਮੁਕਾਬਲੇ ਬ੍ਰਿਸਟਲ 'ਚ ਬਾਰਿਸ਼ ਕਾਰਣ ਰੱਦ ਹੋ ਗਏ ਸਨ, ਜਦਕਿ ਕਾਰਡਿਫ 'ਚ 2 ਮੈਚਾਂ 'ਚ ਉਸ ਨੂੰ ਹਰਿਆਲੀ ਵਾਲੀਆਂ ਪਿੱਚਾਂ ਮਿਲੀਆਂ ਸਨ, ਜਿਸ ਦੌਰਾਨ ਉਸ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਫਗਾਨਿਸਤਾਨ ਨੂੰ ਹਰਾਉਣ ਲਈ ਉਸ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। 4 ਮੈਚਾਂ 'ਚ 4 ਅੰਕ ਹਾਸਲ ਕਰ ਚੁੱਕੀ ਸ਼੍ਰੀਲੰਕਾ ਦਾ ਸਾਹਮਣਾ ਸ਼ਨੀਵਾਰ ਨੂੰ ਓਵਲ 'ਚ ਆਸਟ੍ਰੇਲੀਆ ਨਾਲ ਹੈ। ਡੀ. ਮੇਲ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਆਈ. ਸੀ. ਸੀ. ਕੁਝ ਟੀਮਾਂ ਲਈ ਵੱਖ ਪਿੱਚ ਤਿਆਰ ਕਰਦੀ ਹੈ ਅਤੇ ਕੁਝ ਟੀਮਾਂ ਲਈ ਦੂਜੀ ਪਿੱਚ। ਅਸੀਂ ਆਈ. ਸੀ. ਸੀ. ਦੇ ਧਿਆਨ 'ਚ ਉਕਤ ਮਾਮਲਾ ਲਿਆ ਰਹੇ ਹਾਂ।
ਉਨ੍ਹਾਂ ਨੇ ਟੀਮ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਰਡਿਫ 'ਚ ਪ੍ਰੈਕਟਿਸ ਦੀਆਂ ਸਹੂਲਤਾਂ ਵਧੀਆ ਨਹੀਂ ਸਨ। 3 ਨੈੱਟ ਦੀ ਬਜਾਏ ਸਾਨੂੰ 2 ਨੈੱਟ ਦਿੱਤੇ ਗਏ, ਜਦਕਿ ਸਾਨੂੰ ਬ੍ਰਿਸਟਲ ਦੇ ਜਿਸ ਹੋਟਲ 'ਚ ਠਹਿਰਾਇਆ ਗਿਆ ਸੀ, ਉਸ 'ਚ ਸਵਿਮਿੰਗ ਪੂਲ ਹੀ ਨਹੀਂ ਸੀ, ਜਦਕਿ ਇਹ ਹਰ ਟੀਮ ਲਈ ਮੁੱਖ ਲੋੜ ਹੈ। ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਨੂੰ ਜਿਨ੍ਹਾਂ ਹੋਟਲਾਂ 'ਚ ਠਹਿਰਾਇਆ ਗਿਆ ਸੀ ਉਨ੍ਹਾਂ 'ਚ ਸਵਿਮਿੰਗ ਪੂਲ ਸਨ। ਸ਼੍ਰੀਲੰਕਾਈ ਮੈਨੇਜਰ ਨੇ ਕਿਹਾ ਕਿ ਅਸੀਂ ਇਨ੍ਹਾਂ ਮੁਸ਼ਕਲਾਂ ਸਬੰਧੀ 4 ਦਿਨ ਪਹਿਲਾਂ ਹੀ ਆਈ. ਸੀ. ਸੀ. ਨੂੰ ਪੱਤਰ ਲਿਖਿਆ ਸੀ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।