ਅਫਰੀਕੀ ਗੇਂਦਬਾਜ਼ ਤਬਰੇਜ਼ ਸ਼ਮਸੀ ਬਣਿਆ ਪਿਤਾ, ਪਤਨੀ ਦਾ ਹੈ ਬੈਲੂਨ ਬਣਾਉਣ ਦਾ ਬਿਜ਼ਨੈੱਸ
Sunday, Mar 08, 2020 - 02:19 PM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦਾ ਕ੍ਰਿਕਟਰ ਤਬਰੇਜ਼ ਸ਼ਮਸੀ ਪਿਤਾ ਬਣ ਗਿਆ ਹੈ। ਉਸਦੀ ਪਤਨੀ ਖਰੀਜ਼ਾ ਸ਼ਰੀਫ ਸ਼ਮਸੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਸ਼ਮਸੀ ਨੇ ਇੰਸਟਾਗ੍ਰਾਮ ’ਤੇ ਪਤਨੀ ਅਤੇ ਨਵ-ਜਨਮੇ ਬੱਚੇ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ ਹੈ। ਸ਼ਮਸੀ ਨੇ ਲਿਖਿਆ, ‘‘ਅਤੇ ਹੁਣ ਅਸੀਂ ਤਿੰਨ ਹੋ ਗਏ ਖਾਦੀਜ਼ਾ ਸ਼ਰੀਫ ਸ਼ਮਸੀ। ਤੁੁਸੀਂ ਸੱਚ ਵਿਚ ਸੁਪਰਸਟਾਰ ਹੋ। ਮੈਂ ਇਸ ਮੌਕੇ ’ਤੇ ਆਪਣੇ ਕੋਚ ਮਾਰਕ ਬਾਊਚਰ ਤੇ ਪੂਰੀ ਸਾਊਥ ਅਫਰੀਕੀ ਟੀਮ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਸਮੇਂ ਦੌਰਾਨ ਸਹਿਯੋਗ ਬਣਾਈ ਰੱਖਿਆ।’’
ਜ਼ਿਕਰਯੋਗ ਹੈ ਕਿ ਸ਼ਮਸੀ ਦੀ ਪਤਨੀ ਖਦੀਜ਼ਾ ਦੱਖਣੀ ਅਫਰੀਕਾ ਵਿਚ ਹੀ ਰਹਿੰਦੀ ਹੈ। ਉਹ ਉਦੋਂ ਚਰਚਾ ਵਿਚ ਆਈ ਸੀ, ਜਦੋਂ ਮਜ਼ਾਂਸੀ ਸੁਪਰ ਲੀਗ ਦੌਰਾਨ ਸ਼ਮਸੀ ਨੇ ਉਸ ਨੂੰ ਫਲਾਇੰਗ ਕਿੱਸ ਦਿੱਤੀ ਸੀ। ਦਰਅਸਲ ਪਰਲ ਰੌਕਸ ਵਲੋਂ ਖੇਡਦੇ ਹੋਏ ਸ਼ਮਸੀ ਨੇ ਆਸਿਫ ਅਲੀ ਦੀ ਵਿਕਟ ਲਈ ਸੀ। ਵਿਕਟ ਲੈਣ ਤੋਂ ਬਾਅਦ ਸ਼ਮਸੀ ਨੇ ਦਰਸ਼ਕ ਗੈਲਰੀ ਵਿਚ ਬੈਠੀ ਪਤਨੀ ਨੂੰ ਫਲਾਇੰਗ ਕਿੱਸ ਦਿੱਤੀ ਸੀ। ਖਦੀਜ਼ਾ ਵੀ ਸ਼ਮਸੀ ਦੇ ਇਸ ਵਤੀਰੇ ਤੋਂ ਬੇਹੱਦ ਖੁਸ਼ ਦਿਸੀ ਸੀ। ਖਦੀਜ਼ਾ ਲੰਬੇ ਸਮੇਂ ਤੋਂ ਦੱਖਣੀ ਅਫਰੀਕਾ ਵਿਚ ਰਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਉਹ ਲੰਬੇ ਸਮੇਂ ਤੋਂ ਬੈਲੂਨ ਬੋਨਾਂਜ਼ਾ ਨਾਮੀ ਆਊਟਲੈੱਟ ਚਲਾ ਰਹੀ ਹੈ, ਜਿੱਥੇ ਬਰਥਡੇ ਪਾਰਟੀਆਂ ਤੇ ਬੇਬੀ ਸ਼ਾਵਰ ਲਈ ਵੱਖ-ਵੱਖ ਕਿਸਮ ਦੇ ਬੈਲੂਨ ਬਣਾਏ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਤਬਰੇਜ਼ ਸ਼ਮਸੀ ਕ੍ਰਿਕਟ ਜਗਤ ਵਿਚ ਆਪਣੇ ਯੂਨੀਕ ਸੈਲੀਬਿ੍ਰਸ਼ੇਨ ਸਟਾਈਲ ਲਈ ਵੀ ਜਾਣਿਆ ਜਾਂਦਾ ਹੈ। ਵਿਕਟ ਲੈਣ ਤੋਂ ਬਾਅਦ ਭਾਵੇਂ ਬੂਟ ਨੂੰ ਫੋਨ ਦੀ ਤਰ੍ਹਾਂ ਇਸਤੇਮਾਲ ਕਰਨਾ ਹੋਵੇ ਜਾਂ ਫਿਰ ਹੱਥ ਦੀ ਸਫਾਈ ਦਿਖਾਉਂਦੇ ਹੋਏ ਛੜੀ ਕੱਢਣਾ। ਸ਼ਮਸੀ ਕਈ ਵਾਰ ਲਾਈਵ ਮੈਚ ਵਿਚ ਇਹ ਕਾਰਨਾਮਾ ਕਰ ਚੁੱਕਾ ਹੈ। ਦੱਸ ਦੇਈਏ ਕਿ ਸ਼ਮਸੀ ਕ੍ਰਿਕਟਰ ਬਣਨ ਤੋਂ ਪਹਿਲਾਂ ਜਾਦੂਗਰ ਬਣਨਾ ਚਾਹੁੰਦਾ ਸੀ। ਉਸ ਨੇ ਹੱਥ ਦੀ ਸਫਾਈ ਦੀ ਕੁਝ ਸਮੇਂ ਤਕ ਟ੍ਰੇਨਿੰਗ ਵੀ ਲਈ ਸੀ।