ਪ੍ਰਦੂਸ਼ਣ ਦੀ ਫੈਕਟਰੀ ਬਣਿਆ ਨਗਰ ਨਿਗਮ ਦਾ ਹਾਟ ਮਿਕਸ ਪਲਾਂਟ, PPCB ਤੋਂ ਲੈ ਕੇ ਸਰਕਾਰ ਤੱਕ ਪੁੱਜੀ ਸ਼ਿਕਾਇਤ
Sunday, Apr 12, 2026 - 12:09 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਦਾ ਹਾਟ ਮਿਕਸ ਪਲਾਂਟ ਪ੍ਰਦੂਸ਼ਣ ਦੀ ਫੈਕਟਰੀ ਬਣ ਕੇ ਰਹਿ ਗਿਆ ਹੈ। ਇਸ ਸਬੰਧੀ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ, ਪੀ. ਪੀ. ਸੀ. ਬੀ. ਅਤੇ ਡੀ. ਸੀ. ਨੂੰ ਸ਼ਿਕਾਇਤ ਭੇਜੀ ਗਈ ਹੈ, ਜਿਸ ਮੁਤਾਬਕ ਹੰਬੜਾਂ ਰੋਡ ਸਥਿਤ ਹਾਟ ਮਿਕਸ ਪਲਾਂਟ ਦੇ ਸੰਚਾਲਨ ਦੌਰਾਨ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿਸ ਦੇ ਸਬੂਤ ਵਜੋਂ ਹਾਟ ਮਿਕਸ ਪਲਾਂਟ ’ਚ ਪ੍ਰੀਮਿਕਸ ਦਾ ਮਟੀਰੀਅਲ ਬਣਾਉਣ ਦੌਰਾਨ ਨਿਕਲਣ ਵਾਲੇ ਧੂੰਏਂ ਦੀ ਫੋਟੋ ਅਤੇ ਵੀਡੀਓ ਨਾਲ ਲਾਈ ਗਈ ਹੈ, ਜਿਸ ਦਾ ਅਸਰ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਦੀ ਸਿਹਤ ’ਤੇ ਪੈ ਰਿਹਾ ਹੈ।
ਇਸ ਦੇ ਨਾਲ ਹੀ ਇਹ ਮੁੱਦਾ ਵੀ ਚੁੱਕਿਆ ਗਿਆ ਕਿ ਪੀ. ਪੀ. ਸੀ. ਬੀ. ਦੀਆਂ ਗਾਈਡਲਾਈਨਜ਼ ਮੁਤਾਬਕ ਨਗਰ ਨਿਗਮ ਦੀ ਹੱਦ ਦੇ 5 ਕਿਲੋਮੀਟਰ ਅੰਦਰ ਹਾਟਰ ਮਿਕਸ ਪਲਾਂਟ ਲਾਇਆ ਹੀ ਨਹੀਂ ਜਾ ਸਕਦਾ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਨੂੰ ਹਾਟ ਮਿਕਸ ਪਲਾਂਟ ਦੇ ਸੰਚਾਲਨ ਲਈ ਦਿੱਤੀ ਮਨਜ਼ੂਰੀ ਚੈੱਕ ਕਰਨ ਦੇ ਨਾਲ ਹੀ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ’ਚ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਰਮੀਨੀਆ 'ਚ ਪੰਜਾਬ ਦੇ ਨੌਜਵਾਨ ਦੀ ਮੌਤ! ਮ੍ਰਿਤਕ ਦੇਹ ਵਾਪਸੀ ਲਈ ਪਰਿਵਾਰ ਲਾ ਰਿਹਾ ਗੁਹਾਰ
ਗ੍ਰੀਨ ਬੈਲਟ ’ਚ ਕਬਜ਼ੇ ਕਾਰਨ ਐੱਨ. ਜੀ. ਟੀ. ਦੇ ਹੁਕਮਾਂ ਦੀ ਵੀ ਹੋ ਰਹੀ ਉਲੰਘਣਾ
ਐੱਨ. ਜੀ. ਓ. ਦੇ ਮੈਂਬਰਾਂ ਨੇ ਨਗਰ ਨਿਗਮ ਵੱਲੋਂ ਹਾਟ ਮਿਕਸ ਪਲਾਂਟ ਦੇ ਨਿਰਮਾਣ ਨੂੰ ਹੀ ਨਾਜਾਇਜ਼ ਕਰਾਰ ਦੇ ਦਿੱਤਾ ਹੈ ਕਿਉਂਕਿ ਜਿਸ ਜਗ੍ਹਾ ਪਲਾਂਟ ਲਾਇਆ ਗਿਆ ਹੈ, ਉਸ ਨੂੰ ਡੇਅਰੀ ਕੰਪਲੈਕਸ ’ਚ ਗ੍ਰੀਨ ਬੈਲਟ ਦੇ ਤੌਰ ’ਤੇ ਮਾਰਕ ਕੀਤਾ ਗਿਆ ਹੈ। ਇਸੇ ਤਰ੍ਹਾਂ ਗ੍ਰੀਨ ਬੈਲਟ ਦੀ ਜਗ੍ਹਾ ’ਚ ਨਗਰ ਨਿਗਮ ਵੱਲੋਂ ਵਰਕਸ਼ਾਪ ਬਣਾਈ ਗਈ ਹੈ ਅਤੇ ਹਾਟ ਮਿਕਸ ਪਲਾਂਟ ਦਾ ਮਟੀਰੀਅਲ ਸਟੋਰ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਧੇ ਤੌਰ ’ਤੇ ਐੱਨ. ਜੀ. ਟੀ. ਤੋਂ ਲੈ ਕੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਦੱਸਿਆ ਗਿਆ ਹੈ, ਜਿਸ ਤਹਿਤ ਗ੍ਰੀਨ ਬੈਲਟ ਦੀ ਜਗ੍ਹਾ ’ਚ ਹੋਈ ਸਰਕਾਰੀ ਇਮਾਰਤਾਂ ਦੀ ਉਸਾਰੀ ਹਟਾਉਣ ਦੀ ਹਦਾਇਤ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
