ਪੰਜਾਬ: ਪਤੀ ਵੱਲੋਂ ਪਤਨੀ ਦਾ ਕਤਲ, ਲਾਸ਼ ਦੇ ਮੂੰਹ ''ਤੇ ਮਾਰੀਆਂ ਚਪੇੜਾਂ! ਦੋਸਤ ਨੂੰ ਭੇਜੀ ਵੀਡੀਓ
Sunday, Apr 19, 2026 - 05:49 PM (IST)
ਮਾਛੀਵਾੜਾ (ਟੱਕਰ)- ਪਤੀ ਵੱਲੋਂ ਆਪਣੇ ਪਤਨੀ ਦੇ ਚਰਿੱਤਰ ਤੇ ਸ਼ੱਕ ਕਾਰਨ ਇਕ ਹਸਦਾ ਵਸਦਾ ਘਰ ਤਬਾਹ ਹੋ ਗਿਆ। ਮਾਛੀਵਾੜਾ ਨੇੜੇ ਦੇ ਪਿੰਡ ਮੰਡ ਸੁੱਖੇਵਾਲ ਵਿਖੇ ਅੱਜ ਬਾਅਦ ਦੁਪਹਿਰ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਗਲਾ ਘੋਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਜੋ ਕਿ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਤੇ ਉਸ ਦਾ 11 ਸਾਲ ਪਹਿਲਾਂ ਰਾਜਵਿੰਦਰ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਪਤੀ ਗੁਰਪ੍ਰੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਫੋਨ 'ਤੇ ਗੱਲਾਂ ਕਰਦੀ ਹੈ, ਜਦਕਿ ਪਤਨੀ ਵੀ ਆਪਣੇ ਪਤੀ 'ਤੇ ਸ਼ੱਕ ਕਰਦੀ ਸੀ ਕਿ ਉਹ ਵੀ ਕਿਸੇ ਹੋਰ ਲੜਕੀ ਨਾਲ ਫੋਨ ਤੇ ਗੱਲਾਂ ਕਰਦਾ ਹੈ, ਜਿਸ ਕਾਰਨ ਉਨ੍ਹਾਂ ਦੋਵਾਂ ਵਿਚਕਾਰ ਕਾਫੀ ਘਰੇਲੂ ਕਲੇਸ਼ ਰਹਿੰਦਾ ਸੀ। ਅੱਜ ਕਲੇਸ਼ ਇੰਨਾ ਵੱਧ ਗਿਆ ਕਿ ਪਤੀ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੋਟ ਕੇ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਘਟਨਾ ਸਮੇਂ ਪਤੀ ਪਤਨੀ ਘਰ ਵਿਚ ਇਕੱਲੇ ਸਨ, ਜਦ ਕਿ ਉਸ ਦੇ ਮਾਤਾ-ਪਿਤਾ ਕਿਤੇ ਕੰਮ ਗਏ ਹੋਏ ਸਨ। ਕਤਲ ਕਰਨ ਪਿੱਛੋਂ ਉਸ ਨੇ ਇਸ ਦੀ ਸੂਚਨਾ ਆਪਣੇ ਦੋਸਤ ਨੂੰ ਦਿੱਤੀ ਤੇ ਪੁਲਸ ਨੂੰ ਖੁਦ ਹੀ ਫੋਨ ਕਰ ਕੇ ਦੱਸਿਆ ਕਿ ਉਹ ਥਾਣੇ ਆ ਰਿਹਾ ਹੈ। ਰਾਜਵਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਹਨ, ਜੋ ਬੇਹਦ ਘਬਰਾਏ ਹੋਏ ਦਿਖਾਈ ਦੇ ਰਹੇ ਸਨ ਕਿ ਉਨ੍ਹਾਂ ਦੇ ਘਰ ਕੀ ਭਾਣਾ ਵਾਪਰ ਗਿਆ?
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਪ੍ਰਿਤਪਾਲ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਸਾਰਾ ਮਾਮਲਾ ਸਪੱਸ਼ਟ ਹੈ ਕਿ ਗੁਰਪ੍ਰੀਤ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਇਹ ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਅੱਜ ਇਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਦੋਸਤ ਨੂੰ ਭੇਜੀ ਵੀਡੀਓ; ਲਾਸ਼ ਦੇ ਮੂੰਹ 'ਤੇ ਮਾਰੀਆਂ ਚਪੇੜਾਂ
ਗੁਰਪ੍ਰੀਤ ਸਿੰਘ ਨੇ ਜਦੋਂ ਆਪਣੀ ਪਤਨੀ ਰਾਜਵਿੰਦਰ ਦਾ ਕਤਲ ਕਰ ਦਿੱਤਾ ਤਾਂ ਉਸ ਦੀ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀ ਕਿ ਉਹ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਕਤਲ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਮਾਛੀਵਾੜਾ ਥਾਣੇ ਵੱਲ ਨੂੰ ਚਲਾ ਗਿਆ ਕਿ ਤਾਂ ਜੋ ਉੱਥੇ ਜਾ ਕੇ ਆਪ ਪੇਸ਼ ਹੋ ਜਾਵੇ। ਪਰ ਅਜੇ ਉਹ ਗ੍ਰਿਫ਼ਤਾਰ ਹੋਇਆ ਜਾਂ ਨਹੀਂ ਹੋਇਆ, ਇਸ ਸਬੰਧੀ ਪੁਲਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਵੀਡੀਓ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੀ ਪਤਨੀ ਦੇ ਗਲਾ ਘੋਟਣ ਤੋਂ ਬਾਅਦ ਲਾਸ਼ ਦੇ ਮੂੰਹ ਤੇ ਚਪੇੜਾਂ ਵੀ ਮਾਰੀਆਂ ਕਿ "ਹੁਣ ਕਰ ਗੱਲਾਂ ਜਿਹਦੇ ਨਾਲ ਫੋਨ 'ਤੇ ਗੱਲਾਂ ਕਰਦੀ ਹੁੰਦੀ ਸੀ"। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਪਤਨੀ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਸੀ ਜਾਂ ਨਹੀਂ ਜਾਂ ਇਸ ਮਾਮਲੇ 'ਚ ਸ਼ੱਕ ਦਾ ਬੀਜ ਕਿੱਦਾਂ ਆਇਆ ਤੇ ਕੌਣ ਬਣਿਆ ਇਸ ਕਤਲ ਦੀ ਵਜ੍ਹਾ?
