ਲੁਧਿਆਣਾ ’ਚ ਅੱਗ ਦਾ ਤਾਂਡਵ: ਕੂੜੇ ਦੇ ਡੰਪਾਂ ’ਚੋਂ ਨਿਕਲੇ ਜ਼ਹਿਰੀਲੇ ਧੂੰਏਂ ਨੇ ਪਾਈ ਦਹਿਸ਼ਤ, ਲੋਕਾਂ ਦਾ ਦਮ ਘੁੱਟਿਆ
Tuesday, Apr 21, 2026 - 09:45 AM (IST)
ਲੁਧਿਆਣਾ (ਮੁਕੇਸ਼) : ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਅੱਜ ਕਈ ਥਾਵਾਂ 'ਤੇ ਕੂੜੇ ਦੇ ਡੰਪਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਅੱਗ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨੇ ਨੇੜਲੀਆਂ ਰਿਹਾਇਸ਼ੀ ਕਾਲੋਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਤੇ ਅੱਖਾਂ ਦੇ ਮਰੀਜ਼ਾਂ ਲਈ ਇਹ ਸਥਿਤੀ ਨਰਕ ਵਰਗੀ ਬਣ ਗਈ।
ਸਭ ਤੋਂ ਪਹਿਲੀ ਘਟਨਾ ਫੋਕਲ ਪੁਆਇੰਟ ਫੇਜ਼-8 ਦੀ ਹੈ, ਜਿੱਥੇ ਧਾਗੇ ਦੀ ਮਿੱਲ ਨੇੜੇ ਕੂੜੇ ਦੇ ਡੰਪ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਹ ਨੇੜਲੇ ਕਬਾੜ ਦੇ ਗੋਦਾਮ ਤੱਕ ਪਹੁੰਚ ਗਈਆਂ। ਉੱਥੇ ਕੰਮ ਕਰ ਰਹੇ ਵਰਕਰਾਂ ਨੇ ਮੁਸਤੈਦੀ ਦਿਖਾਉਂਦੇ ਫੈਕਟਰੀ ਦੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕੀਤੀ ਤੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਬਿਜਲੀ ਦੇ ਉਪਕਰਨ ਸੜਨ ਤੋਂ ਬਚ ਗਏ। ਦੂਜੇ ਪਾਸੇ, ਜਮਾਲਪੁਰ ਦੀ ਐਚ.ਈ. ਕਾਲੋਨੀ ਅਤੇ ਗਲਾਡਾ ਸਟੋਰ ਨੇੜੇ ਵੀ ਕੂੜੇ ਦੇ ਢੇਰ ਅੱਗ ਦੀ ਭੇਂਟ ਚੜ੍ਹ ਗਏ। ਲੋਕਾਂ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੇ ਬਾਵਜੂਦ ਗੱਡੀ ਮੌਕੇ 'ਤੇ ਨਹੀਂ ਪਹੁੰਚੀ, ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਬਾਲਟੀਆਂ ਨਾਲ ਪਾਣੀ ਅਤੇ ਰੇਤ ਪਾ ਕੇ ਖ਼ੁਦ ਅੱਗ ਬੁਝਾਈ ਅਤੇ ਟ੍ਰਾਂਸਫਾਰਮਰ ਨੂੰ ਸੜਨ ਤੋਂ ਬਚਾਇਆ।
ਇਹ ਵੀ ਪੜ੍ਹੋ : ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ ਕੁੜੀ ਦੀ ਮੌਤ
ਸਮਾਜ ਸੇਵੀ ਸਾਹਿਬ ਰਾਜਪੂਤ, ਵਿਪਣ ਗਰਗ ਅਤੇ ਸ਼ਾਮਲਾਲ ਗੁਪਤਾ ਸਮੇਤ ਹੋਰਨਾਂ ਆਗੂਆਂ ਨੇ ਨਗਰ ਨਿਗਮ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਰੋਕ ਦੇ ਬਾਵਜੂਦ ਕੂੜੇ ਦੇ ਢੇਰਾਂ ਨੂੰ ਸ਼ਰੇਆਮ ਅੱਗ ਲਗਾਈ ਜਾ ਰਹੀ ਹੈ। ਕੂੜਾ ਚੁੱਕਣ ਦੀ ਬਜਾਏ ਉਸ ਨੂੰ ਸਾੜ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਿ ਸਵੱਛ ਭਾਰਤ ਮੁਹਿੰਮ ਦੇ ਉਲਟ ਹੈ। ਲੋਕਾਂ ਅਨੁਸਾਰ ਨਗਰ ਨਿਗਮ ਦੇ ਅਧਿਕਾਰੀ ‘ਕੁੰਭਕਰਨੀ ਨੀਂਦ’ ਸੁੱਤੇ ਹੋਏ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਸਿਹਤ ਦੀ ਕੋਈ ਪ੍ਰਵਾਹ ਨਹੀਂ ਹੈ। ਗਰਮੀ ਦੇ ਮੌਸਮ ਵਿੱਚ ਕੂੜੇ ਦੀ ਬਦਬੂ ਅਤੇ ਹੁਣ ਇਸ ਜ਼ਹਿਰੀਲੇ ਧੂੰਏਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
