ਸਮਿਥ-ਵਾਰਨਰ ਤੋਂ ਬਿਨਾਂ ਉਤਰਨਗੇ ਰਾਜਸਥਾਨ ਤੇ ਹੈਦਰਾਬਾਦ

Monday, Apr 09, 2018 - 12:01 AM (IST)

ਸਮਿਥ-ਵਾਰਨਰ ਤੋਂ ਬਿਨਾਂ ਉਤਰਨਗੇ ਰਾਜਸਥਾਨ ਤੇ ਹੈਦਰਾਬਾਦ

ਹੈਦਰਾਬਾਦ— ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਬਾਲ ਟੈਂਪਰਿੰਗ ਮਾਮਲੇ ਕਾਰਨ ਆਈ. ਪੀ. ਐੱਲ. 'ਚੋਂ ਬਾਹਰ ਹੋ ਗਏ ਆਪਣੇ ਕਪਤਾਨਾਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਮਾਮਲੇ ਤੋਂ ਉੱਭਰ ਕੇ 11ਵੇਂ ਸੈਸ਼ਨ 'ਚ ਸ਼ਾਨਦਾਰ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰਨਗੀਆਂ।
ਰਾਜਸਥਾਨ ਨੇ ਸਮਿਥ ਤੇ ਹੈਦਰਾਬਾਦ ਨੇ ਵਾਰਨਰ ਨੂੰ ਆਈ. ਪੀ. ਐੱਲ. ਨਿਲਾਮੀ ਤੋਂ ਪਹਿਲਾਂ ਰਿਟੇਨ ਕੀਤਾ ਸੀ ਤੇ ਇਨ੍ਹਾਂ ਨੂੰ ਆਪਣਾ ਕਪਤਾਨ ਵੀ ਬਣਾਇਆ ਸੀ ਪਰ ਦੋਵੇਂ ਖਿਡਾਰੀ ਦੱਖਣੀ ਅਫਰੀਕਾ ਵਿਰੁੱਧ ਕੇਪਟਾਊਨ ਵਿਚ ਤੀਜੇ ਟੈਸਟ 'ਚ ਬਾਲ ਟੈਂਪਰਿੰਗ ਲਈ ਦੋਸ਼ੀ ਪਾਏ ਗਏ। ਇਸ ਗੱਲ ਨੂੰ ਦੋਵਾਂ ਨੇ ਮੰਨ ਵੀ ਲਿਆ ਤੇ ਕ੍ਰਿਕਟ ਆਸਟਰੇਲੀਆ ਨੇ ਦੋਵਾਂ 'ਤੇ 12-12 ਮਹੀਨਿਆਂ ਦੀ ਪਾਬੰਦੀ ਲਾ ਦਿੱਤੀ। ਇਸ ਮਾਮਲੇ ਕਾਰਨ ਰਾਜਸਥਾਨ ਤੇ ਹੈਦਰਾਬਾਦ ਨੂੰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਈ. ਪੀ. ਐੱਲ. 'ਚੋਂ ਹਟਾਉਣ ਲਈ ਮਜਬੂਰ ਹੋਣਾ ਪਿਆ।
ਰਾਜਸਥਾਨ ਨੇ ਸਮਿਥ ਦੀ ਜਗ੍ਹਾ ਭਾਰਤੀ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਅਤੇ ਹੈਦਰਾਬਾਦ ਨੇ ਵਾਰਨਰ ਦੀ ਜਗ੍ਹਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਪਣਾ ਕਪਤਾਨ ਬਣਾਇਆ। ਰਾਜਸਥਾਨ ਦੀ ਟੀਮ 2 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਆਈ. ਪੀ. ਐੱਲ. 'ਚ ਵਾਪਸੀ ਕਰ ਰਹੀ ਹੈ ਤੇ ਉਸ ਦੀ ਇਹ ਉਮੀਦ ਰਹੇਗੀ ਕਿ ਉਹ ਚੇਨਈ ਸੁਪਰ ਕਿੰਗਜ਼ ਦੀ ਤਰ੍ਹਾਂ ਜੇਤੂ ਵਾਪਸੀ ਕਰੇ। 
ਚੇਨਈ ਨੇ ਵੀ ਦੋ ਸਾਲ ਦੀ ਪਾਬੰਦੀ ਝੱਲੀ ਸੀ ਤੇ ਉਸ ਨੇ ਕੱਲ ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇਕ ਗੇਂਦ ਬਾਕੀ ਰਹਿੰਦਿਆਂ ਇਕ ਵਿਕਟ ਨਾਲ ਹਰਾ ਦਿੱਤਾ ਸੀ।


Related News