ਸਿੰਗਾਪੁਰ ਓਪਨ : PV ਸਿੰਧੂ ਦੂਜੇ ਦੌਰ ’ਚ, ਲਕਸ਼ੈ ਹਾਰਿਆ

05/29/2024 7:25:30 PM

ਸਿੰਗਾਪੁਰ- ਸਾਬਕਾ ਚੈਂਪੀਅਨ ਪੀ.ਵੀ. ਸਿੰਧੂ ਨੇ ਬੁੱਧਵਾਰ ਨੂੰ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ ਪਰ ਲਕਸ਼ੈ ਸੇਨ ਵਿਸ਼ਵ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸਲਸਨ ਹੱਥੋਂ ਹਾਰ ਕੇ ਬਾਹਰ ਹੋ ਗਿਆ। ਸਿੰਧੂ ਨੇ ਦੋ ਸਾਲ ਪਹਿਲਾਂ ਸਿੰਗਾਪੁਰ 'ਚ ਬੀ.ਡਬਲਯੂ. ਐੱਫ. ਖਿਤਾਬ ਜਿੱਤਿਆ ਸੀ ਅਤੇ ਪਿਛਲੇ ਹਫਤੇ ਥਾਈਲੈਂਡ ਓਪਨ ’ਚ ਉਪ ਜੇਤੂ ਰਹੀ ਸੀ। ਸਿੰਧੂ ਨੇ 44 ਮਿੰਟ ਤੱਕ ਚੱਲੇ ਸ਼ੁਰੂਆਤੀ ਦੌਰ ਦੇ ਮੈਚ ਵਿਚ ਵਿਸ਼ਵ ਦੀ 21ਵੇਂ ਨੰਬਰ ਦੀ ਖਿਡਾਰਨ ਡੈੱਨਮਾਰਕ ਦੀ ਲੀਨੇ ਹੋਜਮਾਰਕ ਜਾਰਸਫੇਲਡ ਨੂੰ 21-12, 22-20 ਨਾਲ ਹਰਾਇਆ।
ਉੱਥੇ ਹੀ, ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਏਕਲਸਨ ਨੂੰ ਸਖਤ ਚੁਣੌਤੀ ਪੇਸ਼ ਕੀਤੀ ਪਰ 62 ਮਿੰਟ 'ਚ 13-21, 21-16, 13-21 ਨਾਲ ਹਾਰ ਗਿਆ। ਐਕਲਸਨ ਨੇ ਪਿਛਲੇ ਹਫਤੇ ਥਾਈਲੈਂਡ ਓਪਨ ਵਿਚ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਕਿਦਾਂਬੀ ਸ੍ਰੀਕਾਂਤ ਨੂੰ 5ਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੋਡਾਈ ਨਾਰਾਓਕਾ ਵਿਰੱੁਧ ਆਪਣੇ ਪਹਿਲੇ ਦੌਰ ਦੇ ਮੈਚ ਵਿਚ 14-21, 3-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੀ. ਸੁਮੀਤ ਰੈੱਡੀ ਅਤੇ ਐੱਨ. ਸਿੱਕੀ ਰੈੱਡੀ ਦੀ ਮਿਕਸ਼ਡ ਡਬਲਜ਼ ਜੋੜੀ ਗੋਹ ਸੂਨ ਹੁਆਤ ਅਤੇ ਲਾਈ ਸ਼ੇਵੋਨ ਜੈਮੀ ਦੀ ਮਲੇਸ਼ੀਆਈ ਜੋੜੀ ਹੱਥੋਂ 18-21, 19-21 ਨਾਲ ਹਾਰ ਗਏ। ਇੱਕ ਹੋਰ ਮੈਚ ਵਿਚ ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਾਂਗਨ ਦੀ ਮਿਕਸਡ ਜੋੜੀ ਮੈਡਸ ਵੇਸਟਰਗਾਰਡ ਅਤੇ ਕ੍ਰਿਸਟਿਨ ਬੁਸ਼ ਤੋਂ 8-21, 8-21 ਨਾਲ ਹਾਰ ਗਈ।


Aarti dhillon

Content Editor

Related News