ਧੋਨੀ ਨੂੰ ਮੈਂਟੋਰ ਬਣਾਉਣ ਦੇ ਸਹਿਵਾਗ ਨੇ ਦੱਸੇ ਫ਼ਾਇਦੇ, ਦੱਸਿਆ- ਕਿਵੇਂ T-20 WC ''ਚ ਬਣਨਗੇ ''ਸੰਕਟਮੋਚਕ''
Saturday, Sep 18, 2021 - 06:13 PM (IST)
ਨਵੀਂ ਦਿੱਲੀ- ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਟੀ-20 ਵਰਲਡ ਕੱਪ ਲਈ ਮੈਂਟੋਰ ਬਣਾਉਣ ਦਾ ਟੀਮ ਇੰਡੀਆ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਸਹਿਵਾਗ ਨੇ ਕਿਹਾ ਕਿ ਧੋਨੀ ਵ੍ਹਾਈਟ ਬਾਲ ਕ੍ਰਿਕਟ 'ਚ ਹਮੇਸ਼ਾ ਤੋਂ ਹੀ ਗੇਂਦਬਾਜ਼ਾਂ ਦੇ ਕਪਤਾਨ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਟੀਮ ਦੇ ਨਾਲ ਰਹਿਣ ਨਾਲ ਜਸਪ੍ਰੀਤ ਬੁਮਰਾਹ ਤੇ ਬਾਕੀ ਗੇਂਦਬਾਜ਼ਾਂ ਨੂੰ ਕਾਫ਼ੀ ਮਦਦ ਮਿਲੇਗੀ।
ਸਹਿਵਾਗ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿ ਧੋਨੀ ਨੇ ਟੀ-20 ਵਰਲਡ ਕੱਪ ਲਈ ਟੀਮ ਦਾ ਮੈਂਟੋਰ ਬਣਨ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ। ਇਕ ਦਹਾਕੇ ਤਕ ਧੋਨੀ ਦੇ ਨਾਲ ਖੇਡ ਵਾਲੇ ਸਹਿਵਾਗ ਨੂੰ ਪਤਾ ਹੈ ਕਿ ਇਕ ਕਪਤਾਨ ਦੇ ਤੌਰ 'ਤੇ ਉਸ ਦੀ ਮੁੱਖ ਤਾਕਤ ਕੀ ਹੈ ਤੇ ਉਹ ਸੀਮਿਤ ਓਵਰ ਕ੍ਰਿਕਟ 'ਚ ਆਪਣੇ ਗੇਂਦਬਾਜ਼ਾਂ ਦੀ ਸੋਚ ਨੂੰ ਕਿੰਨਾ ਸਮਝਦੇ ਸਨ।
ਯੁਵਾ ਖਿਡਾਰੀਆਂ ਦੇ ਲਈ ਧੋਨੀ ਸੰਕਟਮੋਚਕ ਬਣ ਸਕਦੇ ਹਨ : ਸਹਿਵਾਗ
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਕੌਮਾਂਤਰੀ ਟੀਮ 'ਚ ਹਮੇਸ਼ਾ ਅਜਿਹੇ ਖਿਡਾਰੀ ਹੁੰਦੇ ਹਨ, ਜੋ ਥੋੜ੍ਹੇ ਸ਼ਰਮੀਲੇ ਹੁੰਦੇ ਹਨ ਤੇ ਆਪਣੇ ਕਪਤਾਨ ਦੇ ਕੋਲ ਜਾਣ ਤੇ ਕ੍ਰਿਕਟ' 'ਤੇ ਗੱਲਬਾਤ ਕਰਨ 'ਚ ਝਿਝਕਦੇ ਹਨ, ਐੱਮ. ਐੱਸ. ਧੋਨੀ ਹਮੇਸ਼ਾ ਇਸ ਤਰ੍ਹਾਂ ਦੇ ਇਨਸਾਨ ਰਹੇ ਹਨ, ਜਿਨ੍ਹਾਂ ਕੋਲ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਤੇ ਉਹ ਯੁਵਾ ਖਿਡਾਰੀਆਂ ਲਈ ਸਭ ਤੋਂ ਬਿਹਤਰ ਸੰਕਟਮੋਚਕ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਤਿੰਨ ਰਿਜ਼ਰਵ ਦੇ ਨਾਲ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਸਹਿਵਾਗ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ 10 ਅਕਤੂਬਰ ਤਕ ਟੀਮਾਂ ਨੂੰ ਬਦਲਣ ਦਾ ਸਮਾਂ ਦਿੱਤਾ ਹੈ। ਅਜਿਹੇ 'ਚ ਆਈ. ਪੀ. ਐੱਲ. 'ਚ ਕੁਝ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਆਖ਼ਰੀ ਸਮੇਂ 'ਤੇ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਸਹਿਵਾਗ ਨੇ ਕਿਹਾ ਕਿ ਉਨ੍ਹਾਂ ਕੋਲ ਟੀਮ 'ਚ ਜਗ੍ਹ ਬਣਾਉਣ ਦਾ ਚੰਗਾ ਮੌਕਾ ਹੋਵੇਗਾ।