ਤਰੁਣ ਚੁੱਘ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ : ਬਜਟ ਨੂੰ ਦੱਸਿਆ ‘ਜੁਮਲਿਆਂ ਦਾ ਦਸਤਾਵੇਜ਼’

Sunday, Mar 08, 2026 - 05:04 PM (IST)

ਤਰੁਣ ਚੁੱਘ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ : ਬਜਟ ਨੂੰ ਦੱਸਿਆ ‘ਜੁਮਲਿਆਂ ਦਾ ਦਸਤਾਵੇਜ਼’

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨੇ ‘ਆਪ’ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਰੋਡਮੈਪ ਪੇਸ਼ ਕਰਨ ਦੀ ਬਜਾਏ ਸਿਰਫ ਐਲਾਨਾਂ ਅਤੇ ਜੁਮਲਿਆਂ ਦਾ ਦਸਤਾਵੇਜ਼ ਬਣ ਕੇ ਰਹਿ ਗਿਆ ਹੈ। ਚੁੱਘ ਅਨੁਸਾਰ ਅਰਵਿੰਦ ਕੇਜਰੀਵਾਲ ਵੱਲੋਂ 2022 'ਚ ਪੇਸ਼ ਕੀਤੇ ਗਏ 10 ਨੁਕਾਤੀ 'ਪੰਜਾਬ ਮਾਡਲ' ਦਾ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ ਅਤੇ ਚਾਰ ਸਾਲਾਂ ਬਾਅਦ ਇਹ ਮਾਡਲ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਚੁੱਘ ਨੇ ਦੋਸ਼ ਲਾਇਆ ਕਿ ਸਰਕਾਰ 'ਹਰ ਹੱਥ ਨੂੰ ਰੁਜ਼ਗਾਰ' ਦੇਣ ਦੇ ਵਾਅਦੇ 'ਚ ਬੁਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਪੰਜਾਬ ਦੀ ਨੌਜਵਾਨ ਸ਼ਕਤੀ ਨਿਰਾਸ਼ਾ 'ਚ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵੱਲ ਪਲਾਇਨ ਕਰਨ ਲਈ ਮਜਬੂਰ ਹੈ।

ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਜਲਦ ਕਰ ਲੈਣ ਆਹ ਕੰਮ ਨਹੀਂ ਤਾਂ ਪਾਵਰਕਾਮ ਵਲੋਂ...  

ਨਸ਼ਿਆਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ 'ਚ ਨਸ਼ਾ ਮਾਫ਼ੀਆ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਰਾਜ 'ਚ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਪਿਛਲੇ ਬਜਟ 'ਚ ਡਰੱਗ ਜਨਗਣਨਾ ਲਈ ਰੱਖੇ ਗਏ 150 ਕਰੋੜ ਰੁਪਏ ਕਿੱਥੇ ਗਏ, ਕਿਉਂਕਿ ਇਸ ਵਿੱਚੋਂ ਇੱਕ ਰੁਪਿਆ ਵੀ ਖ਼ਰਚ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸੂਬੇ 'ਚ ਕਾਨੂੰਨ-ਵਿਵਸਥਾ ਇੰਨੀ ਵਿਗੜ ਚੁੱਕੀ ਹੈ ਕਿ ਰੋਜ਼ਾਨਾ ਕਤਲ, ਫ਼ਿਰੌਤੀ ਅਤੇ ਗੈਂਗਵਾਰ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਕਠਪੁਤਲੀ ਬਣ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਜਟ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਚੁੱਘ ਨੇ ਕਿਹਾ ਕਿ ਮਾਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਅਤੇ ਖ਼ੁਦ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਕੰਗ ਨੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦਾ ਖ਼ੁਲਾਸਾ ਕੀਤਾ ਹੈ। ਮਾਈਨਿੰਗ ਤੋਂ 20,000 ਕਰੋੜ ਰੁਪਏ ਦੇ ਮਾਲੀਏ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਚਾਰ ਸਾਲਾਂ ਵਿੱਚ ਸਿਰਫ 800 ਕਰੋੜ ਰੁਪਏ ਹੀ ਮਿਲੇ ਹਨ। ਸਿਹਤ ਸਹੂਲਤਾਂ ਅਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਵੀ ਅਧੂਰੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਐੱਮ. ਐੱਸ. ਪੀ. ਦੇ ਵਾਅਦੇ ਵੀ ਵਫ਼ਾ ਨਹੀਂ ਹੋਏ, ਜਦੋਂ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਤੋਂ ਉਦਯੋਗਾਂ ਦਾ ਪਲਾਇਨ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News