ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਖਿਤਾਬ
Monday, Sep 07, 2026 - 04:14 PM (IST)
ਸ਼ੇਨਜ਼ੇਨ, (ਏਜੰਸੀ)-ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਇੱਥੇ ਸ਼ਾਨਦਾਰ ਵਾਪਸੀ ਕਰਦੇ ਹੋਏ ਤਿੰਨ ਸੈੱਟਾਂ ਦੇ ਰੋਮਾਂਚਕ ਮੁਕਾਬਲੇ ’ਚ ਚੀਨ ਦੇ ਹੇ ਜੀ ਟਿੰਗ ਤੇ ਰੇਨ ਸ਼ਿਆਗ ਯੂ ਦੀ ਜੋੜੀ ਨੂੰ ਹਰਾ ਕੇ ਚਾਈਨਾ ਮਾਸਟਰਜ਼ ਸੁਪਰ 750 ਦਾ ਖਿਤਾਬ ਆਪਣੇ ਨਾਂ ਕਰ ਲਿਆ। ਸਾਲ 2023 ਤੇ 2025 ਦੇ ਸੈਸ਼ਨਾਂ ’ਚ ਉਪ ਜੇਤੂ ਰਹੀ ਸਾਤਵਿਕ ਅਤੇ ਚਿਰਾਗ ਦੀ ਜੋੜੀ ਇੱਥੇ ਆਪਣਾ ਤੀਜਾ ਫਾਈਨਲ ਖੇਡ ਰਹੀ ਸੀ। ਇਸ ਭਾਰਤੀ ਜੋੜੀ ਨੇ ਇਕ ਘੰਟੇ 10 ਮਿੰਟ ਤੱਕ ਚੱਲੇ ਮੁਕਾਬਲੇ ’ਚ ਹੇ ਤੇ ਰੇਨ ਦੀ ਦੁਨੀਆ ਦੀ ਸਾਬਕਾ ਚੌਥੇ ਨੰਬਰ ਦੀ ਜੋੜੀ ਨੂੰ 11-21, 21-13, 21-17 ਨਾਲ ਹਾਰ ਦਿੱਤੀ।
ਇਹ ਭਾਰਤੀ ਜੋੜੀ ਦਾ ਇਸ ਸੈਸ਼ਨ ਦਾ ਦੂਜਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਸਿੰਗਾਪੁਰ ਓਪਨ ਸੁਪਰ 750 ਦਾ ਖਿਤਾਬ ਜਿੱਤਿਆ ਸੀ ਅਤੇ ਥਾਈਲੈਂਡ ਓਪਨ ਸੁਪਰ 500 ਦੇ ਫਾਈਨਲ ’ਚ ਵੀ ਜਗ੍ਹਾ ਬਣਾਈ ਸੀ। ਦੁਨੀਆ ਦੀ 5ਵੇਂ ਨੰਬਰ ਦੀ ਭਾਰਤੀ ਜੋੜੀ ਲਈ ਇਹ ਖਿਤਾਬ ਜਪਾਨ ’ਚ 19 ਸਤੰਬਰ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲਾ ਹੈ, ਜਿਸ ’ਚ ਉਹ ਆਪਣੇ ਸੋਨ ਤਗਮੇ ਦਾ ਬਚਾਅ ਕਰਨ ਦੀ ਤਿਆਰੀ ਕਰ ਰਹੇ ਹਨ।
ਭਾਰਤੀ ਜੋੜੀ ਦਾ ਸਾਹਮਣਾ ਚੀਨ ਦੀ ਅਜਿਹੀ ਜੋੜੀ ਨਾਲ ਸੀ ਜਿਹੜੀ ਲੰਬੇ ਸਮੇਂ ਤੱਕ ਕੌਮਾਂਤਰੀ ਸਰਕਟ ਤੋਂ ਦੂਰ ਰਹਿਣ ਕਾਰਨ ਰੈਂਕਿੰਗ ’ਚ ਡਿੱਗ ਕੇ 70ਵੇਂ ਨੰਬਰ ’ਤੇ ਪਹੁੰਚ ਗਈ ਸੀ। ਹੇ ਜੀ ਟਿੰਗ ਲਈ ਇਹ ਵਾਪਸੀ ਤੋਂ ਬਾਅਦ ਸਿਰਫ ਤੀਜਾ ਟੂਰਨਾਮੈਂਟ ਹੈ। ਉਸ ਨੇ ਚੀਨੀ ਬੈਡਮਿੰਟਨ ਸੰਘ ਵੱਲੋਂ ਲਾਈ ਗਈ ਅਨੁਸ਼ਾਸਨੀ ਮੁਅੱਤਲੀ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਮੁਕਾਬਲੇਬਾਜ਼ ਬੈਡਮਿੰਟਨ ’ਚ ਵਾਪਸੀ ਕੀਤੀ ਹੈ। ਸਾਤਵਿਕਤੇ ਚਿਰਾਗ ਨੇ ਹਾਲਾਂਕਿ ਇਸ ਤੋਂ ਪਹਿਲਾਂ ਚੀਨ ਦੀ ਇਸ ਜੋੜੀ ਵਿਰੁੱਧ ਹੋਏ ਆਪਣੇ ਦੋਵਾਂ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਸੀ।
ਭਾਰਤੀ ਜੋੜੀ ਨੇ ਫਾਈਨਲ ਤੱਕ ਪਹੁੰਚਣ ਦੇ ਸਫਰ ’ਚ ਤਿੰਨ ਸੈੱਟਾਂ ਦੇ ਤਿੰਨ ਮੁਕਾਬਲੇ ਖੇਡੇ ਸਨ। ਇਨ੍ਹਾਂ ਸਾਰੇ ਮੁਕਾਬਲਿਆਂ ’ਚ ਉਨ੍ਹਾਂ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜਾ ਸੈੱਟ ਗੁਆਇਆ ਸੀ। ਸਾਤਵਿਕ ਤੇ ਚਿਰਾਗ ਨੇ ਇਸ ਸਾਲ ਦੇ ਆਪਣੇ 10ਵੇਂ ਟੂਰਨਾਮੈਂਟ ’ਚ ਤੀਜੇ ਫਾਈਨਲ ’ਚ ਜਗ੍ਹਾ ਬਣਾਈ।
ਯੂਕੀ ਭਾਂਬਰੀ ਤੇ ਅਨਿਰੁੱਧ ਚੰਦਰਸ਼ੇਖਰ ਪਹਿਲੇ ਹੀ ਦੌਰ ’ਚੋਂ ਬਾਹਰ
-ਭਾਰਤ ਦੇ ਯੂਕੀ ਭਾਂਬਰੀ ਤੇ ਅਨਿਰੁੱਧ ਚੰਦਰਸ਼ੇਖਰ ਦਾ ਯੂ. ਐੱਸ. ਓਪਨ 2026 ਟੈਨਿਸ ਪੁਰਸ਼ ਡਬਲਜ਼ ਦਾ ਸਫਰ ਪਹਿਲੇ ਹੀ ਦੌਰ ’ਚ ਖਤਮ ਹੋ ਗਿਆ। ਦੁਨੀਆ ਦੇ ਨੰਬਰ-32 ਖਿਡਾਰੀ ਭਾਂਬਰੀ ਤੇ ਉਨ੍ਹਾਂ ਦੇ ਸਾਥੀ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਨੂੰ ਅਮਰੀਕੀ ਜੋੜੀ ਰਿਆਨ ਸੇਗਰਮੈਨ ਤੇ ਪੈਟ੍ਰਿਕ ਟ੍ਰਹਾਕ ਹੱਥੋਂ 7(7)-6(4), 7(7)-6(3) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਇਕ ਘੰਟੇ 43 ਮਿੰਟ ਤੱਕ ਚੱਲਿਆ। ਭਾਂਬਰੀ ਤੇ ਵੀਨਸ ਪਿਛਲੇ ਸਾਲ ਫਲਸ਼ਿੰਗ ਮੀਡੋਜ਼ ’ਚ ਇਕੱਠੇ ਸੈਮੀਫਾਈਨਲ ਤੱਕ ਪਹੁੰਚੇ ਸਨ।
