ਤਜਿੰਦਰਪਾਲ ਸਿੰਘ ਨੇ ਸ਼ਾਟ ਪੁਟ ''ਚ ਜਿੱਤਿਆ ਸਿਲਵਰ, ਏਸ਼ੀਆਈ ਖੇਡਾਂ ''ਚ ਲਗਾਈ ਮੈਡਲਾਂ ਦੀ ਹੈਟ੍ਰਿਕ

Saturday, Sep 26, 2026 - 08:39 PM (IST)

ਤਜਿੰਦਰਪਾਲ ਸਿੰਘ ਨੇ ਸ਼ਾਟ ਪੁਟ ''ਚ ਜਿੱਤਿਆ ਸਿਲਵਰ, ਏਸ਼ੀਆਈ ਖੇਡਾਂ ''ਚ ਲਗਾਈ ਮੈਡਲਾਂ ਦੀ ਹੈਟ੍ਰਿਕ

ਨਵੀਂ ਦਿੱਲੀ : ਭਾਰਤ ਦੇ ਦਿੱਗਜ ਸ਼ਾਟ ਪੁਟਰ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕਰਦਿਆਂ ਪੁਰਸ਼ਾਂ ਦੇ ਸ਼ਾਟ ਪੁਟ ਈਵੈਂਟ ਵਿੱਚ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਤਜਿੰਦਰਪਾਲ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਮੈਡਲ ਜਿੱਤਣ ਦੀ ਆਪਣੀ ਇਤਿਹਾਸਕ ਹੈਟ੍ਰਿਕ ਪੂਰੀ ਕਰ ਲਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2018 ਜਕਾਰਤਾ ਅਤੇ 2023 ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਦੋ ਗੋਲਡ ਮੈਡਲ ਜਿੱਤੇ ਸਨ।

ਸ਼ਾਟ ਪੁਟ ਦੇ ਫਾਈਨਲ ਮੁਕਾਬਲੇ ਵਿੱਚ ਤਜਿੰਦਰਪਾਲ ਸਿੰਘ ਦੀ ਸ਼ੁਰੂਆਤ ਕਾਫੀ ਰੋਮਾਂਚਕ ਰਹੀ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 20.06 ਮੀਟਰ ਅਤੇ ਦੂਜੀ ਕੋਸ਼ਿਸ਼ ਵਿੱਚ 20.26 ਮੀਟਰ ਦਾ ਥ੍ਰੋਅ ਸੁੱਟ ਕੇ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਤੀਜੀ ਅਤੇ ਚੌਥੀ ਕੋਸ਼ਿਸ਼ ਵਿੱਚ ਉਨ੍ਹਾਂ ਦਾ ਥ੍ਰੋਅ 20 ਮੀਟਰ ਤੋਂ ਘੱਟ ਰਿਹਾ। ਚਾਰ ਰਾਊਂਡਾਂ ਤੋਂ ਬਾਅਦ ਸਾਊਦੀ ਅਰਬ ਦੇ ਮੁਹੰਮਦ ਤੋਲੂ 20.48 ਮੀਟਰ ਦੇ ਥ੍ਰੋਅ ਨਾਲ ਦੂਜੇ ਸਥਾਨ 'ਤੇ ਚੱਲ ਰਹੇ ਸਨ। ਪਰ ਪੰਜਵੀਂ ਕੋਸ਼ਿਸ਼ ਵਿੱਚ ਤਜਿੰਦਰਪਾਲ ਨੇ ਪੂਰੀ ਤਾਕਤ ਲਗਾਉਂਦੇ ਹੋਏ 20.64 ਮੀਟਰ ਦਾ ਜ਼ਬਰਦਸਤ ਥ੍ਰੋਅ ਸੁੱਟਿਆ ਅਤੇ ਮੁਹੰਮਦ ਤੋਲੂ ਨੂੰ ਪਿੱਛੇ ਛੱਡ ਕੇ ਸਿਲਵਰ ਮੈਡਲ ਪੱਕਾ ਕਰ ਲਿਆ। ਇਸ ਮੁਕਾਬਲੇ ਵਿੱਚ ਈਰਾਨ ਦੇ ਮੁਹੰਮਦਹਸਨ ਤਾਯੇਬੀ ਨੇ 20.81 ਮੀਟਰ ਦਾ ਥ੍ਰੋਅ ਸੁੱਟ ਕੇ ਏਸ਼ੀਅਨ ਗੇਮਜ਼ ਦਾ ਨਵਾਂ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਆਪਣੇ ਨਾਂ ਕੀਤਾ।


author

Inder Prajapati

Content Editor

Related News