ਭਾਰਤ ਦੀ ਪੁਰਸ਼ ਅਤੇ ਮਹਿਲਾ ਸਕੁਐਸ਼ ਟੀਮ ਨੂੰ ਕਾਂਸੀ ਤਮਗਾ, ਆਪਣਾ ਖਿਤਾਬ ਬਚਾ ਕੇ ਰੱਖਣ ਦਾ ਸੁਪਨਾ ਟੁੱਟਿਆ
Friday, Oct 02, 2026 - 02:01 PM (IST)
ਨਾਗੋਯਾ : ਮੌਜੂਦਾ ਚੈਂਪੀਅਨ ਭਾਰਤੀ ਪੁਰਸ਼ ਟੀਮ ਦਾ ਵੀਰਵਾਰ ਨੂੰ ਏਸ਼ੀਆਈ ਖੇਡਾਂ ਦੀ ਸਕੁਐਸ਼ ਪ੍ਰਤੀਯੋਗਿਤਾ ’ਚ ਆਪਣਾ ਖਿਤਾਬ ਬਚਾ ਕੇ ਰੱਖਣ ਦਾ ਸੁਪਨਾ ਟੁੱਟ ਗਿਆ। ਸੈਮੀਫਾਈਨਲ ’ਚ ਮਲੇਸ਼ੀਆ ਕੋਲੋਂ 1-2 ਨਾਲ ਹਾਰਨ ਤੋਂ ਬਾਅਦ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤੀ ਮਹਿਲਾ ਟੀਮ ਵੀ ਤਨਵੀ ਖੰਨਾ ਦੀ ਸ਼ਾਨਦਾਰ ਵਾਪਸੀ ਦੇ ਬਾਵਜੂਦ ਹਾਂਗਕਾਂਗ ਤੋਂ 1-2 ਨਾਲ ਹਾਰ ਗਈ ਅਤੇ ਉਸ ਨੇ ਵੀ ਆਪਣੇ ਮੁਹਿੰਮ ਦਾ ਅੰਤ ਕਾਂਸੀ ਤਮਗੇ ਨਾਲ ਕੀਤਾ। ਮਹਿਲਾ ਵਰਗ ’ਚ ਸਟਾਰ ਖਿਡਾਰੀ ਅਨਾਹਤ ਸਿੰਘ ਦੀ ਪਹਿਲੇ ਮੈਚ ’ਚ ਹਾਰ ਫੈਸਲਾਕੁੰਨ ਸਾਬਤ ਹੋਈ। ਸਕੁਐਸ਼ ’ਚ ਕੁੱਲ ਮਿਲਾ ਕੇ ਭਾਰਤ ਨੇ ਸਿੰਗਲਜ਼ ’ਚ 2 ਚਾਂਦੀ ਤਮਗੇ, ਟੀਮ ਈਵੈਂਟ ’ਚ 2 ਕਾਂਸੀ ਤਮਗੇ ਅਤੇ ਮਿਕਸਡ ਡਬਲਜ਼ ’ਚ 1 ਕਾਂਸੀ ਤਮਗੇ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ।
ਭਾਰਤ ਦਾ ਤਮਗਾ ਪਹਿਲਾਂ ਹੀ ਪੱਕਾ ਹੋ ਚੁੱਕਾ ਸੀ ਅਤੇ 18 ਸਾਲਾ ਅਨਾਹਤ ’ਤੇ ਕਾਫ਼ੀ ਜ਼ਿੰਮੇਵਾਰੀ ਸੀ। ਭਾਰਤ ਦੀਆਂ ਨਜ਼ਰਾਂ ਪਿਛਲੀਆਂ ਹਾਂਗਝੋਊ ਏਸ਼ੀਆਈ ਖੇਡਾਂ ਦੇ ਪ੍ਰਦਰਸ਼ਨ ’ਚ ਸੁਧਾਰ ’ਤੇ ਸਨ। ਹਾਲਾਂਕਿ ਵਿਸ਼ਵ ਰੈਂਕਿੰਗ ’ਚ 17ਵੇਂ ਸਥਾਨ ’ਤੇ ਕਾਬਜ਼ ਅਨਾਹਤ ਨੇ 4 ਮੈਚ ਪੁਆਇੰਟ ਗਵਾਏ ਅਤੇ ਦੁਨੀਆ ਦੀ 25ਵੇਂ ਨੰਬਰ ਦੀ ਖਿਡਾਰਨ ਸਿਨ ਯੁਕ ਚਾਨ ਵਿਰੁੱਧ ਰੋਮਾਂਚਕ ਮੁਕਾਬਲੇ ’ਚ 2-3 ਨਾਲ ਹਾਰ ਗਈ।
