ਸੰਜੀਵਨੀ ਨੇ 10 ਹਜ਼ਾਰ ਮੀਟਰ ਦੌੜ ਜਿੱਤੀ, ਅਵਿਨਾਸ਼ ਨੂੰ 3 ਹਜ਼ਾਰ ਮੀਟਰ ’ਚ ਦੂਸਰਾ ਸਥਾਨ
Monday, Jun 10, 2024 - 01:46 PM (IST)
ਪੋਟਲੈਂਡ- ਅਮਰੀਕਾ ’ਚ ਮਾਊਂਟ ਹੂਡ ਕਮਿਊਨਿਟੀ ਕਾਲਜ ’ਚ ਆਯੋਜਿਤ ਪੋਟਲੈਂਡ ਟ੍ਰੈਕ ਫੈਸਟੀਵਲ 2024 ਐਥਲੈਟਿਕਸ ਮੀਟ ’ਚ ਭਾਰਤੀ ਦੌੜਾਕ ਸੰਜੀਵਨੀ ਯਾਦਵ ਨੇ ਮਹਿਲਾਵਾਂ ਦਾ 10 ਹਜ਼ਾਰ ਮੀਟਰ ਮੁਕਾਬਲਾ ਜਿੱਤਿਆ ਅਤੇ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ’ਚ ਦੂਸਰਾ ਸਥਾਨ ਹਾਸਲ ਕੀਤਾ। 2024 ਐਥਲੈਟਿਕਸ ਸੈਸ਼ਨ ਦੀ ਆਪਣੀ ਪਹਿਲੀ 3000 ਮੀਟਰ ਸਟਿਪਲਚੇਜ ਰੇਸ ’ਚ ਅਵਿਨਾਸ਼ ਸਾਬਲੇ 8:21.85 ਸਮੇਂ ਨਾਲ ਦੂਸਰੇ ਸਥਾਨ ’ਤੇ ਰਿਹਾ। ਅਮਰੀਕਾ ਦਾ ਕੇਨੇਥ ਬਰੂਕਸ (8:18.77) ਸਮੇਂ ਨਾਲ ਪਹਿਲੇ ਅਤੇ ਉਸ ਦੇ ਹਮਵਤਨ ਐਂਥੋਨੀ ਰੋਟਿਚ ਨੇ 8:24.13 ਸਮੇਂ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਏਸ਼ੀਅਨ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਮਗਾ ਜੇਤੂ ਸੰਜੀਵਨੀ ਯਾਦਵ ਮਹਿਲਾਵਾਂ ਦੀ 10,000 ਮੀਟਰ ’ਚ 32:22.77 ਦੇ ਸਮੇਂ ਨਾਲ ਪਹਿਲੇ ਸਥਾਨ ’ਤੇ ਰਹੀ, ਜੋ ਇਸ ਸਾਲ ਮਾਰਚ ’ਚ ਕੈਲੀਫੋਰਨੀਆ ’ਚ ਦਰਜ ਕੀਤੇ ਗਏ ਉਸ ਦੇ ਵਿਅਕਤੀਗਤ ਸਰਵਸ਼੍ਰੇਸ਼ਠ 32:21.76 ਤੋਂ ਘੱਟ ਹੈ। ਅਮਰੀਕਾ ਦੀ ਕੇਲੀਨ ਟੇਲਰ 32:23.95 ਦੇ ਸਮੇਂ ਨਾਲ ਦੂਸਰੇ ਸਥਾਨ ’ਤੇ ਅਤੇ ਇਥੀਯੋਪੀਆ ਦੀ ਅਤਸੇਡੇ ਟੇਸੇਮਾ ਨੂੰ 32:24.43 ਸਮੇਂ ਨਾਲ ਤੀਸਰਾ ਸਥਾਨ ਮਿਲਿਆ। ਮੌਜੂਦਾ ਏਸ਼ੀਅਨ ਗੇਮਜ਼ ਚੈਂਪੀਅਨ ਪਾਰੂਲ ਚੌਧਰੀ ਵੀ ਪੋਟਲੈਂਡ ਮੀਟ ’ਚ ਮਹਿਲਾਵਾਂ ਦੀ 3000 ਮੀਟਰ ਸਟਿਪਲਚੇਜ ’ਚ 9:31.38 ਸਮੇਂ ਨਾਲ ਤੀਸਰੇ ਸਥਾਨ ’ਤੇ ਰਹੀ।