''ਅਜੋਕੇ ਸਮੇਂ ਖਿਡਾਰੀ ਖੁਦ ਨੂੰ ਆਈ.ਪੀ.ਐੱਲ. ਲਈ ਬਚਾ ਕੇ ਰੱਖਣਾ ਚਾਹੁੰਦੇ ਹਨ''

Wednesday, Feb 13, 2019 - 05:29 PM (IST)

''ਅਜੋਕੇ ਸਮੇਂ ਖਿਡਾਰੀ ਖੁਦ ਨੂੰ ਆਈ.ਪੀ.ਐੱਲ. ਲਈ ਬਚਾ ਕੇ ਰੱਖਣਾ ਚਾਹੁੰਦੇ ਹਨ''

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਸੰਦੀਪ ਪਾਟਿਲ ਦਾ ਮੰਨਣਾ ਹੈ ਕਿ ਇਸ ਸਮੇਂ ਖਿਡਾਰੀ ਸਿਰਫ ਖੁਦ ਨੂੰ ਆਈ.ਪੀ.ਐੱਲ. ਲਈ ਬਚਾ ਕੇ ਰਖਣਾ ਚਾਹੁੰਦੇ ਹਨ। ਭਾਰਤ ਹੁਣ ਵਿਸ਼ਵ ਕੱਪ ਦੇ ਬਾਅਦ ਜੁਲਾਈ 'ਚ ਵੈਸਟਇੰਡੀਜ਼ ਦੇ ਖਿਲਾਫ ਆਪਣਾ ਅਗਲਾ ਟੈਸਟ ਖੇਡੇਗਾ। ਪੱਤਰਕਾਰਾਂ ਨਾਲ ਗੱਲਬਾਤ 'ਚ ਸੰਦੀਪ ਪਾਟਿਲ ਨੇ ਕਿਹਾ, ਚਾਰ ਰੋਜ਼ਾ ਘਰੇਲੂ ਕ੍ਰਿਕਟ ਦਾ ਮਹੱਤਵ ਕਾਫੀ ਤੇਜ਼ੀ ਨਾਲ ਹੇਠਾਂ ਗਿਆ ਹੈ।

ਵੱਡੇ ਖਿਡਾਰੀਆਂ ਦੇ ਨਹੀਂ ਖੇਡਣ ਕਾਰਨ ਘਰੇਲੂ ਕ੍ਰਿਕਟ ਨੂੰ ਕਾਫੀ ਨੁਕਸਾਨ ਹੋਇਆ ਹੈ। ਸਾਡੇ ਸਮੇਂ ਈਰਾਨੀ ਅਤੇ ਦਿਲੀਪ ਟਰਾਫੀ 'ਚ ਪ੍ਰਦਰਸ਼ਨ ਟੀਮ 'ਚ ਚੋਣ ਦਾ ਪੈਮਾਨਾ ਸੀ। ਚੋਣਕਰਤਾ ਇਨ੍ਹਾਂ ਮੈਚਾਂ ਦੇ ਬਾਅਦ ਹੀ ਟੀਮ ਦੀ ਚੋਣ ਕਰਦੇ ਸਨ। ਇਸ ਵਾਰ ਈਰਾਨੀ ਕੱਪ ਦਾ ਆਯੋਜਨ ਰਣਜੀ ਸੀਜ਼ਨ ਦੇ ਖਤਮ ਹੋਣ ਦੇ ਬਾਅਦ ਤੁਰੰਤ ਹੋ ਰਿਹਾ ਹੈ। ਜਿਸ ਕਾਰਨ ਵਿਦਰਭ ਨੂੰ ਬਾਕੀ ਭਾਰਤ ਦੇ ਖਿਲਾਫ ਮੈਚ 'ਚ ਉਮੇਸ਼ ਯਾਦਵ ਅਤੇ ਵਸੀਮ ਜਾਫਰ ਜਿਹੇ ਵੱਡੇ ਖਿਡਾਰੀਆਂ ਦੇ ਬਿਨਾ ਹੀ ਉਤਰਨਾ ਪਿਆ ਹੈ। ਪਿਛਲੇ ਸਾਲ ਦੋਹਾਂ ਘਰੇਲੂ ਟੂਰਨਾਮੈਂਟਾਂ ਵਿਚਾਲੇ ਲਗਭਗ ਦੋ ਮਹੀਨੇ ਦਾ ਫਰਕ ਸੀ। ਆਉਣ ਵਾਲੇ ਸਮੇਂ 'ਚ ਆਈ.ਪੀ.ਐੱਲ. ਅਤੇ ਵਿਸ਼ਵ ਕੱਪ 2019 ਦੇ ਕਾਰਨ ਖਿਡਾਰੀ ਕ੍ਰਿਕਟ ਤੋਂ ਦੂਰੀ ਬਣਾਏ ਹੋਏ ਹਨ।


author

Tarsem Singh

Content Editor

Related News