ਸਹੁਰੇ ਘਰ ਦਾਜ ਲਈ ਤੰਗ ਪ੍ਰੇਸ਼ਾਨ ਕੀਤੀ ਜਾ ਰਹੀ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ
Saturday, Jan 10, 2026 - 06:07 AM (IST)
ਫਗਵਾੜਾ (ਜਲੋਟਾ) : ਸਹੁਰੇ ਘਰ ਦਾਜ ਲਈ ਤੰਗ ਪ੍ਰੇਸ਼ਾਨ ਕੀਤੇ ਜਾਣ 'ਤੇ ਇੱਕ ਵਿਆਹੁਤਾ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਜਿਸ ਦੀ ਪਛਾਣ ਉਮਾ ਬਸਰਾ ਵਜੋਂ ਹੋਈ ਹੈ, ਨੇ ਆਪਣੇ ਪਤੀ ਵੱਲੋਂ ਦਾਜ ਦੀ ਮੰਗ ਰੱਖ ਉਸ ਨਾਲ ਕੀਤੀ ਜਾਂਦੀ ਕੁੱਟਮਾਰ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਦਿੱਤੇ ਜਾਂਦੇ ਤਸੀਹਿਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕੀਤੀ ਹੈ।
ਜਾਣਕਾਰੀ ਅਨੁੋੋਸਾਰ, ਮ੍ਰਿਤਕਾ ਉਮਾ ਬਸਰਾ ਦੇ ਭਰਾ ਸੁਖਵੀਰ ਬਸਰਾ ਪੁੱਤਰ ਗੁਰਨਾਮ ਦਾਸ ਵਾਸੀ ਪਿੰਡ ਮੁੰਨਾ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਸਦੀ ਭੈਣ ਉਮਾ ਬਸਰਾ ਜਿਸ ਦਾ ਵਿਆਹ ਰਵੀ ਲਾਲ ਪੁੱਤਰ ਸੋਹਨ ਲਾਲ ਵਾਸੀ ਪਿੰਡ ਮਾਨਾਂਵਾਲੀ ਥਾਣਾ ਸਤਨਾਮਪੁਰਾ ਨਾਲ 26 ਨਵੰਬਰ 2025 ਨੂੰ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ ਸੀ, ਨੇ ਸਹੁਰੇ ਘਰ ਦਾਜ ਦੀ ਮੰਗ ਰੱਖ ਉਸ ਨੂੰ ਦਿੱਤੇ ਜਾਂਦੇ ਤਸੀਹਿਆਂ ਅਤੇ ਉਸਦੇ ਪਤੀ ਵੱਲੋਂ ਇਸ ਨੂੰ ਲੈ ਕੇ ਕੀਤੀ ਜਾਂਦੀ ਕੁੱਟਮਾਰ ਤੋਂ ਦੁਖੀ ਹੋ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਆਟੋ ਦਾ ਲਾਕ ਤੋੜਦੇ ਚੋਰ ਨੂੰ ਲੋਕਾਂ ਨੇ ਰੰਗੇ ਹੱਥੀਂ ਦਬੋਚਿਆ, ਨੰਗਾ ਕਰ ਕੇ ਖੰਭੇ ਨਾਲ ਬੰਨ੍ਹਿਆ
ਸੁਖਵੀਰ ਬਸਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਜੀਜਾ ਰਵੀ ਲਾਲ ਵਿਦੇਸ਼ (ਫਰਾਂਸ) ਤੋਂ ਵਿਆਹ ਕਰਾਉਣ ਲਈ ਕਰੀਬ 3 ਮਹੀਨੇ ਪਹਿਲਾਂ ਹੀ ਇੰਡੀਆ ਆਇਆ ਸੀ। ਵਿਆਹ ਤੋਂ ਕਰੀਬ ਇੱਕ ਹਫਤੇ ਬਾਅਦ ਹੀ ਰਵੀ ਲਾਲ ਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਭੈਣ ਉਮਾ ਬਸਰਾ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਦੇ ਜੀਜੇ ਰਵੀ ਲਾਲ ਵੱਲੋਂ ਉਸ ਦੀ ਭੈਣ ਦੀ ਕੁੱਟਮਾਰ ਵੀ ਕੀਤੀ ਗਈ। ਉਹ ਵਾਰ-ਵਾਰ ਇਹੋ ਗੱਲ ਆਖਦਾ ਸੀ ਕਿ ਤੂੰ ਦਾਜ ਘੱਟ ਲਿਆਈ ਹੈਂ ਅਤੇ ਤੂੰ ਆਪਣੇ ਮਾਪਿਆਂ ਨੂੰ ਆਖ ਕਿ ਉਸ ਨੂੰ ਨਵੀਂ ਗੱਡੀ ਲੈ ਕੇ ਦੇਣ। ਪੁਲਸ ਨੇ ਸੁਖਵੀਰ ਬਸਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਤੇ ਦਰਜ ਕੀਤੇ ਗਏ ਬਿਆਨਾਂ ਤੋਂ ਬਾਅਦ ਉਸਦੇ ਜੀਜੇ ਦੋਸ਼ੀ ਰਵੀ ਲਾਲ ਖਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਪਰ ਹਾਲੇ ਤੱਕ ਦੋਸ਼ੀ ਰਵੀ ਲਾਲ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਿਹਾ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
