ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ''ਤੇ ਬੋਲੇ ਹਰਿਆਣਾ ਦੇ CM ਸੈਣੀ, ਪੰਜਾਬ ਨਾਲ ਸਾਡਾ ਖ਼ੂਨ ਦਾ ਰਿਸ਼ਤਾ
Wednesday, Jan 14, 2026 - 05:27 PM (IST)
ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ)- ਮਾਘੀ ਮੇਲੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮੇਰੇ ਲਈ ਬੜੇ ਹੀ ਭਾਗਾਂ ਵਾਲੀ ਗੱਲ ਹੈ ਕਿ ਮੈਂ ਸ਼ਹੀਦਾਂ ਦੀ ਧਰਤੀ 'ਤੇ ਅੱਜ ਸੀਸ ਨਿਵਾਉਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ-ਹਰਿਆਣਾ ਸਿਰਫ਼ ਗੁਆਂਢੀ ਰਾਜ ਨਹੀਂ ਹੈ, ਸਗੋਂ ਪੰਜਾਬ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਹੈ। ਹਰਿਆਣਾ ਦੇ ਲੋਕ ਪੰਜਾਬ ਬੜਾ ਹੀ ਪਿਆਰ ਕਰਦੇ ਹਨ।
ਉਨ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਹਮਲੇ ਬੋਲਦੇ ਹੋਏ ਕਿਹਾ ਕਿ ਹਾਲ ਹੀ ਵਿਚ ਪੰਜਾਬ ਵਿਚ ਕੁਦਰਤੀ ਆਫ਼ਤ ਆਈ ਅਤੇ ਪੰਜਾਬ ਸਰਕਾਰ ਨੇ ਬਹੁਤ ਉੱਚੀਆਂ-ਉੱਚੀਆਂ ਗੱਲਾਂ ਕਰਕੇ ਵੋਟਾਂ ਤਾਂ ਲੈ ਲਈਆਂ ਸਨ ਪਰ ਜਦੋਂ ਪੰਜਾਬ 'ਤੇ ਆਫ਼ਤ ਆਈ ਤਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕਿਤੇ ਵਿਖਾਈ ਤੱਕ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਵੱਡੇ ਭਰਾ ਅੱਜ ਆਫ਼ਤ ਵਿਚ ਹਨ ਤੇ ਤੁਸੀਂ ਉਨ੍ਹਾਂ ਦੀ ਮਦਦ ਕਰੋ। ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੀ ਮਦਦ ਲਈ ਹਰਿਆਣਾ ਤੋਂ ਪੰਜਾਬ ਦੀ ਧਰਤੀ 'ਤੇ ਲੋਕ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਇਹ ਧਰਤੀ ਸਾਨੂੰ ਹਮੇਸ਼ਾ ਜ਼ੁਲਮ ਵਿਰੁੱਧ ਲੜਨ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੀ ਹੈ। ਮੁਕਤਸਰ ਸਾਹਿਬ ਦਾ ਸਾਡੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਹੈ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਆਲਟੋ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਨੂੰ ਵੋਟਾਂ ਦੇ ਕੇ ਮੁੱਖ ਮੰਤਰੀ ਬਣਾਇਆ ਸੀ, ਉਹ ਵੀ ਆਪਣੇ ਲੋਕਾਂ ਵਿਚ ਜਾਣ ਲਈ ਤਾਂ ਕੀ ਉਹ ਤਾਂ ਹਸਪਤਾਲ ਵਿਚ ਜਾ ਕੇ ਦਾਖ਼ਲ ਹੋ ਗਏ ਸਨ। ਅਰਵਿੰਦ ਕੇਜਰੀਵਾਲ ਪੰਜਾਬ ਵਿਚ ਵਿਖਾਈ ਨਹੀਂ ਦਿੱਤੇ ਜਦਕਿ ਉਹ ਵੀ ਦਿੱਲੀ ਜਾ ਕੇ ਬੈਠ ਗਏ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿਚ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਅਸੀਂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਹਰਿਆਣਾ ਵਿਚ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਡੇ ਹਰਿਆਣਾ ਵਿਚ ਡਬਲ ਇੰਜਣ ਵਾਲੀ ਸਰਕਾਰ ਚੱਲ ਰਹੀ ਹੈ। ਡਬਲ ਇੰਜਣ ਵਾਲੀ ਸਰਕਾਰ ਨੇ ਜੋ ਵਾਅਦੇ ਹਰਿਆਣਾ ਦੇ ਲੋਕਾਂ ਨਾਲ ਕੀਤੇ ਹਨ, ਉਹ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵੀ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ, ਉਨ੍ਹਾਂ ਵਿਚੋਂ ਕਿਹੜੇ ਵਾਅਦੇ ਪੂਰੇ ਕੀਤੇ ਹਨ ਜਾਂ ਫਿਰ ਗੱਲਾਂ ਹੀ ਕੀਤੀਆਂ ਹਨ। ਇਥੇ ਕਾਂਗਰਸ ਪਾਰਟੀ ਵਿਚ ਰਾਜ ਵਿਚ ਰਹੀ ਹੈ, ਮੈਂ ਉਨ੍ਹਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਉਨ੍ਹਾਂ ਨੇ ਵੀ ਕਿੰਨੇ ਕੁ ਵਾਅਦੇ ਪੂਰੇ ਕੀਤੇ ਸਨ ਜਾਂ ਫਿਰ ਸਿਰਫ਼ ਗੱਲਾਂ ਨਾਲ ਹੀ ਢਿੱਡ ਭਰਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
