ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ : ਨਕੱਈ
Monday, Jan 12, 2026 - 09:19 AM (IST)
ਮਾਨਸਾ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਹੈ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਨਾਲ ਸੂਬਾ ਤਰੱਕੀ ਦੀ ਰਫਤਾਰ ਫੜੇਗਾ। ਪ੍ਰਧਾਨ ਮੰਤਰੀ ਯੋਜਨਾ ਅਧੀਨ ਆਉਂਦੀਆਂ ਸਕੀਮਾਂ ਅਤੇ ਸੜਕਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਪੰਜਾਬ ਅੰਦਰ ਰੁਜ਼ਗਾਰ, ਉਦਯੋਗ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਅੱਜ “ਆਪ” ਦੀ ਸਰਕਾਰ ਅੰਦਰ ਪੰਜਾਬ ਸਹਿਮ ਦੇ ਸਾਏ ਵਿੱਚ ਹੈ। ਸੂਬਾ ਹਰ ਪੱਖੋਂ ਪੱਛੜ ਗਿਆ ਹੈ। ਸਿਰਫ ਫੌਕੀ ਬਿਆਨਬਾਜ਼ੀ ਅਤੇ ਚੁਟਕਲਿਆਂ ਨਾਲ ਸਰਕਾਰ ਚਲਾਈ ਜਾ ਰਹੀ ਹੈ, ਜਦਕਿ ਜ਼ਮੀਨੀ ਤੌਰ ਤੇ ਪੰਜਾਬ ਦੀ ਤਰੱਕੀ, ਵਿਕਾਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ 2027 ਵਿੱਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਤੇ ਸੂਬਾ ਹਰ ਪੱਖੋਂ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹੇਗਾ।
ਇਹ ਵੀ ਪੜ੍ਹੋ : ਸੜਕ 'ਤੇ ਟੋਆ ਦੱਸਣ ਵਾਲੇ ਨੂੰ ਮਿਲੇਗਾ 5,000 ਰੁਪਏ ਇਨਾਮ, ਇਸ ਸੂਬਾ ਸਰਕਾਰ ਨੇ ਲਿਆਂਦੀ ਨਵੀਂ ਸਕੀਮ
ਨਕੱਈ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਕੇਂਦਰੀ ਸਕੀਮਾਂ ਨੂੰ ਲਾਗੂ ਨਹੀਂ ਕਰ ਸਕੀ ਅਤੇ ਕੁਝ ਸਕੀਮਾਂ ਨੂੰ ਆਪਣਾ ਦੱਸ ਕੇ ਉਸ ਵਿੱਚ ਘਾਲਾ-ਮਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਨਾਲ ਪੰਜਾਬ ਦੀਆਂ ਸੜਕਾਂ, ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਪਿਆਰ ਕਰਦੇ ਹਨ। ਇਸ ਨੂੰ ਤਰੱਕੀ ਦੇ ਰਾਹ ਤੇ ਦੇਖਣਾ ਉਨ੍ਹਾਂ ਦਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਗੱਫੇ ਦੇ ਕੇ ਪਿੰਡਾਂ ਦੀ ਨੁਹਾਰ, ਰੂਪ-ਰੇਖਾ ਬਦਲੀ ਜਾਵੇਗੀ ਅਤੇ ਪਿੰਡ ਵੀ ਸ਼ਹਿਰਾਂ ਵਰਗੇ ਨਜ਼ਰ ਆਉਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਭਾਜਪਾ ਨੂੰ ਮੌਕਾ ਦੇਣ ਅਤੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ।
