ਸਾਹਾ ਨੇ ਟੈਸਟ ਟੀਮ ਲਈ ਪੇਸ਼ ਕੀਤਾ ਦਾਅਵਾ
Wednesday, Aug 07, 2019 - 10:18 PM (IST)

ਤਰੌਬਾ— ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਵੈਸਟਇੰਡੀਜ਼-ਏ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਬਣਾ ਕੇ ਭਾਰਤ ਦੀ ਟੈਸਟ ਇਲੈਵਨ ਵਿਚ ਜਗ੍ਹਾ ਬਣਾਉਣ ਲਈ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਭਾਰਤ-ਏ ਵਲੋਂ ਖੇਡ ਰਹੇ ਸਾਹਾ ਨੇ ਤੀਸਰੇ ਗੈਰ-ਅਧਿਕਾਰਤ ਟੈਸਟ ਦੇ ਪਹਿਲੇ ਦਿਨ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ-ਏ ਨੇ ਚੋਟੀਕ੍ਰਮ ਦੀ ਅਸਫਲਤਾ ਤੋਂ ਬਾਅਦ ਹਨੁਮਾ ਵਿਹਾਰੀ ਅਤੇ ਰਿਧੀਮਾਨ ਸਾਹਾ ਦੇ ਅਰਧ-ਸੈਂਕੜਿਆਂ ਵਾਲੀਆਂ ਪਾਰੀਆਂ ਦੀ ਬਦੌਲਤ ਪਹਿਲੇ ਦਿਨ 201 ਦੌੜਾਂ ਬਣਾ ਲਈਆਂ ਹਨ।
ਸਾਹਾ ਅਤੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਭਾਰਤ ਦੀ ਟੈਸਟ ਟੀਮ ਦਾ ਹਿੱਸਾ ਹਨ। ਭਾਰਤ ਨੇ ਵੈਸਟਇੰਡੀਜ਼ ਦੌਰੇ ਵਿਚ 3 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਬਾਅਦ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਭਾਰਤ ਲਈ 32 ਟੈਸਟ ਖੇਡਣ ਵਾਲੇ ਸਾਹਾ ਨੇ ਆਪਣਾ ਆਖਰੀ ਟੈਸਟ ਜਨਵਰੀ 2018 'ਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਇਸ ਤੋਂ ਬਾਅਦ ਉਹ ਮੋਢੇ ਦੀ ਸੱਟ ਕਾਰਣ ਭਾਰਤੀ ਟੀਮ 'ਚੋਂ ਬਾਹਰ ਰਿਹਾ।