ਸਚਿਨ ਨੇ ਖੇਡਾਂ ਨਾਲ ਜੁੜੀਆਂ ਸੱਟਾਂ ''ਤੇ 12,000 ਡਾਕਟਰਾਂ ਨਾਲ ਤਜਰਬੇ ਕੀਤੇ ਸਾਂਝੇ
Monday, Apr 13, 2020 - 12:58 AM (IST)

ਮੁੰਬਈ— ਭਾਰਤ ਦੇ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਦੇਸ਼ ਭਰ ਦੇ 12,000 ਡਾਕਟਰਾਂ ਨਾਲ ਗੱਲ ਕਰਕੇ ਉਨ੍ਹਾਂ ਦੇ ਨਾਲ ਖੇਡਾਂ ਨਾਲ ਜੁੜੀਆਂ ਸੱਟਾਂ ਨੂੰ ਲੈ ਕੇ ਆਪਣੀ ਜਾਣਕਾਰੀ ਤੇ ਤਜਰਬੇ ਸਾਂਝੇ ਕੀਤੇ। ਸਚਿਨ ਆਪਣੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤਕ ਚੱਲੇ ਕਰੀਅਰ ਵਿਚ ਸੱਟਾਂ ਨਾਲ ਜੂਝਦਾ ਰਿਹਾ ਹੈ, ਜਿਸ ਵਿਚ ਟੈਨਿਸ ਐਲਬੋ ਦੀ ਸੱਟ ਪ੍ਰਮੁੱਖ ਹੈ।
ਆਪਣੇ ਕਰੀਅਰ ਵਿਚ 200 ਟੈਸਟ ਤੇ 463 ਵਨ ਡੇ ਖੇਡਣ ਵਾਲੇ ਤੇਂਦੁਲਕਰ ਨੂੰ ਹੱਡੀ ਰੋਗ ਮਾਹਿਰ ਡਾ. ਸੁਧੀਰ ਵਾਰੀਅਰ ਤੋਂ ਪਤਾ ਲੱਗਾ ਕਿ ਦੇਸ਼ ਭਰ ਦੇ ਕਈ ਨੌਜਵਾਨ ਡਾਕਟਰ ਲਾਕਡਾਊਨ ਦੇ ਇਸ ਸਮੇਂ ਵਿਚ 'ਲਾਈਵ ਵੇਬੀਨਾਰ' ਰਾਹੀਂ ਖੇਡਾਂ ਨਾਲ ਜੁੜੀਆਂ ਸੱਟਾਂ 'ਤੇ ਆਪਣੀ ਜਾਣਕਾਰੀ ਵਧਾਉਣਾ ਚਾਹੁੰਦੇ ਹਨ। ਇਸ ਸੰਬੰਧ ਵਿਚ ਖੇਡਾਂ ਨਾਲ ਜੁੜੀਆਂ ਸੱਟਾਂ 'ਤੇ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ ਤੇ ਸਚਿਨ ਨੂੰ ਲੱਗਾ ਕਿ ਉਸਦਾ ਤਜਰਬਾ ਇਨ੍ਹਾਂ ਡਾਕਟਰਾਂ ਨੂੰ ਲਾਭ ਪਹੁੰਚਾ ਸਕਦਾ ਹੈ, ਇਸ ਲਈ ਉਹ ਖੁਦ ਹੀ ਇਸਦਾ ਹਿੱਸਾ ਬਣ ਗਿਆ। ਤੇਂਦੁਲਕਰ ਨੇ ਇਸ ਤਰ੍ਹਾਂ ਨਾਲ ਇਸ ਸੈਸ਼ਨ ਵਿਚ ਹਿੱਸਾ ਲੈਣ ਵਾਲੇ 12,000 ਡਾਕਟਰਾਂ ਨਾਲ ਗੱਲ ਕੀਤੀ। ਸੂਤਰਾਂ ਨੇ ਦੱਸਿਆ ਕਿ ਇਸ 46 ਸਾਲਾ ਧਾਕੜ ਨੇ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਲਈ ਡਾਕਟਰੀ ਭਾਈਚਾਰੇ ਦਾ ਧੰਨਵਾਦੀ ਹਾਂ।