ਰੋਨਾਲਡੋ ਦੀ ਵਾਪਸੀ ਰਹੀ ਫਿੱਕੀ, ਰੀਅਲ ਮੈਡ੍ਰਿਡ ਹਾਰੀ

09/22/2017 1:30:18 AM

ਮੈਡ੍ਰਿਡ— ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਆਪਣੇ ਵਾਪਸੀ ਮੈਚ ਵਿਚ ਵੀ ਕੋਈ ਜਾਦੂ ਨਹੀਂ ਬਿਖੇਰ ਸਕਿਆ ਤੇ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ ਮੁਕਾਬਲੇ ਵਿਚ ਰੀਅਲ ਮੈਡ੍ਰਿਡ ਨੂੰ ਰੀਅਲ ਬੇਤਿਸ ਹੱਥੋਂ 0-1 ਦੀ ਕਰਾਰੀ ਹਾਰ ਝੱਲਣੀ ਪਈ।
ਮੈਡ੍ਰਿਡ ਦੇ ਸਾਬਕਾ ਗੋਲਕੀਪਰ ਐਂਟੋਨੀਓ ਐਡਨ ਦੇ ਜ਼ਬਰਦਸਤ ਬਚਾਵਾਂ ਤੇ ਸਟਾਪੇਜ ਟਾਈਮ ਵਿਚ ਐਂਟੋਨੀਆ ਸਨਾਬ੍ਰਿਯਾ ਦੇ ਗੋਲ ਨਾਲ ਬੇਤਿਸ ਨੇ ਮੌਜੂਦਾ ਲੀਗ ਚੈਂਪੀਅਨ ਨੂੰ ਹੈਰਾਨ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਨਿਰਧਾਰਿਤ ਸਮੇਂ ਦੇ ਆਖਰੀ ਮਿੰਟ ਵਿਚ ਸਨਾਬ੍ਰਿਯਾ ਦਾ ਸ਼ਾਟ ਆਫ ਸਾਈਡ ਚਲਾ ਗਿਆ ਪਰ ਫਿਰ 94ਵੇਂ ਮਿੰਟ ਵਿਚ ਉਸ ਨੇ ਮੈਚ ਜੇਤੂ ਗੋਲ ਕਰ ਦਿੱਤਾ।
ਇਸ ਹਾਰ ਨਾਲ ਮੈਡ੍ਰਿਡ ਹੁਣ ਘਰੇਲੂ ਤਿੰਨ ਲਾ ਲਿਗਾ ਮੈਚਾਂ ਦੇ ਸੈਸ਼ਨ ਵਿਚ ਹੁਣ ਤਕ ਕੋਈ ਮੈਚ ਨਹੀਂ ਜਿੱਤ ਸਕੀ ਤੇ ਅੰਕ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ। ਉਹ ਚੋਟੀ 'ਤੇ ਚੱਲ ਰਹੀ ਬਾਰਸੀਲੋਨਾ ਤੋਂ ਸੱਤ ਅੰਕ ਪਿੱਛੇ ਹੈ , ਜਿਸ ਨੇ ਇਕ ਹੋਰ ਮੈਚ ਵਿਚ ਐਬਾਰ ਨੂੰ 6-1 ਨਾਲ ਹਰਾ ਕੇ ਆਪਣੀ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਸੀ।
ਐਟਲੋਟਿਕੋ ਮੈਡ੍ਰਿਡ ਨੇ ਐਟਲੋਟਿਕੋ ਬਿਲਬਾਓ ਵਿਰੁੱਧ 2-1 ਦੀ ਜਿੱਤ ਨਾਲ ਆਪਣੇ ਅਜੇਤੂ ਕ੍ਰਮ ਨੂੰ ਬਰਕਰਾਰ ਰੱਖਿਆ ਤੇ ਤੀਜੇ ਸਥਾਨ 'ਤੇ ਪਹੁੰਚ ਗਈ ਜਦਕਿ ਸੇਵਿਲਾ ਨੇ ਘਰੇਲੂ ਮੈਦਾਨ 'ਤੇ ਲਾਸ ਪਲਮਾਸ ਨੂੰ 1-0 ਨਾਲ ਹਰਾਇਆ।
ਹੋਰਨਾਂ ਟੀਮਾਂ ਦੀ ਤਰ੍ਹਾਂ ਚੈਂਪੀਅਨ ਮੈਡ੍ਰਿਡ ਦੀ ਇਸ ਵਾਰ ਸ਼ੁਰੂਆਤ ਚੰਗੀ ਨਹੀਂ ਰਹੀ। ਪਿਛਲੇ ਸੈਸ਼ਨ ਵਿਚ ਬ੍ਰਾਜ਼ੀਲ ਦੇ ਸਾਂਤੋਸ ਦੇ ਲਗਾਤਾਰ 73 ਮੈਚਾਂ ਨੂੰ ਜਿੱਤਣ ਦੇ 54 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਜਿਨੇਦਿਨ ਜਿਦਾਨ ਦੀ ਮੈਡ੍ਰਿਡ ਇਸ ਵਾਰ ਓਨੇ ਜੋਸ਼ ਵਿਚ ਦਿਖਾਈ ਨਹੀਂ ਦਿੱਤੀ। ਪੰਜ ਮੈਚਾਂ ਦੀ ਮੁਅੱਤਲੀ ਤੋਂ ਬਾਅਦ ਸੈਸ਼ਨ ਦਾ ਆਪਣਾ ਪਹਿਲਾ ਲਾ ਲਿਗਾ ਮੈਚ ਖੇਡ ਰਹੇ ਰੋਨਾਲਡੋ ਨੇ ਮੈਚ ਵਿਚ ਬਣਾਏ ਗਏ ਗੋਲ ਦੇ ਸਾਰੇ ਮੌਕੇ ਬੇਕਾਰ ਕਰ ਦਿੱਤੇ।
ਮੈਚ ਦੇ ਦੋਬਾਰਾ ਸ਼ੁਰੂ ਹੋਣ ਤੋਂ ਬਾਅਦ ਮੈਡ੍ਰਿਡ ਦੇ ਸਾਬਕਾ ਗੋਲਕੀਪਰ ਐਡਨ ਨੇ ਟੋਨੀ ਕਰੂਸ ਤੇ ਗੈਰੇਥ ਬੈੱਲ ਦੇ ਗੋਲ ਦੀਆਂ ਕੋਸ਼ਿਸ਼ਾਂ ਨੂੰ ਬੇਕਾਰ ਕੀਤਾ।


Related News