ਉਬਰ ਕੱਪ ਕੁਆਰਟਰ ਫਾਈਨਲ ’ਚ ਜਾਪਾਨ ਤੋਂ ਹਾਰੀ ਭਾਰਤੀ ਮਹਿਲਾ ਟੀਮ

Friday, May 03, 2024 - 10:44 AM (IST)

ਉਬਰ ਕੱਪ ਕੁਆਰਟਰ ਫਾਈਨਲ ’ਚ ਜਾਪਾਨ ਤੋਂ ਹਾਰੀ ਭਾਰਤੀ ਮਹਿਲਾ ਟੀਮ

ਚੇਂਗਡੂ (ਚੀਨ)–ਅਸ਼ਮਿਤਾ ਚਾਲੀਹਾ ਨੇ ਸਖਤ ਸੰਘਰਸ਼ ਕੀਤਾ ਪਰ ਨੌਜਵਾਨ ਤੇ ਗੈਰ-ਤਜਰਬੇਕਾਰ ਭਾਰਤੀ ਮਹਿਲਾ ਟੀਮ ਨੂੰ ਉਬਰ ਕੱਪ ਬੈੱਡਮਿੰਟਨ ਟੂਰਨਾਮੈਂਟ ’ਚ ਵੀਰਵਾਰ ਨੂੰ ਜਾਪਾਨ ਨੇ 3-0 ਨਾਲ ਹਰਾਇਆ। ਪੀ. ਵੀ. ਸਿੰਧੂ ਤੋਂ ਬਿਨ੍ਹਾਂ ਖੇਡ ਰਹੀ ਭਾਰਤੀ ਟੀਮ ਨੇ ਗਰੁੱਪ ਪੜਾਅ ’ਚ ਕੈਨੇਡਾ ਅਤੇ ਸਿੰਗਾਪੁਰ ਨੂੰ ਹਰਾ ਕੇ ਨਾਕਆਊਟ ਲਈ ਕੁਆਲੀਫਾਈ ਕੀਤਾ ਸੀ ਪਰ ਆਖਰੀ ਲੀਗ ਮੈਚ ’ਚ ਉਸ ਨੂੰ ਚੀਨ ਨੇ 5-0 ਨਾਲ ਹਰਾਇਆ ਸੀ। ਦੁਨੀਆ ਦੀ 53ਵੇਂ ਨੰਬਰ ਦੀ ਖਿਡਾਰਣ ਚਾਲੀਹਾ ਨੂੰ 67 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਣ ਆਯਾ ਅੋਹੋਰੀ ਨੇ 21-10, 20-22, 21-15 ਨਾਲ ਹਰਾਇਆ। ਈਸ਼ਾਰਾਨੀ ਬਰੂਆ ਨੂੰ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਣ ਨੋਜੋਮੀ ਅੋਕੁਹਾਰਾ ਨੇ 21-15, 21-12 ਨਾਲ ਹਰਾਇਆ।
ਉੱਧਰ ਰਾਸ਼ਟਰੀ ਚੈਂਪੀਅਨ ਪ੍ਰਿਯਾ ਕੇ. ਅਤੇ ਸ਼ਰੁਤੀ ਮਿਸ਼ਰਾ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਜੋੜੀ ਨਾਮੀ ਮਤਸੁਯਾਮਾ ਅਤੇ ਚਿਹਾਰੂ ਸ਼ਿਡਾ ਨੇ 21-8, 21-9 ਨਾਲ ਹਰਾਇਆ। ਭਾਰਤ 3 ਵਾਰ 1957, 2014 ਅਤੇ 2016 ’ਚ ਉਬਰ ਕੱਪ ਸੈਮੀਫਾਈਨਲ ’ਚ ਪਹੁੰਚਿਆ ਹੈ। ਪਿਛਲੀ ਚੈਂਪੀਅਨ ਪੁਰਸ਼ ਟੀਮ ਥਾਮਸ ਕੱਪ ਕੁਆਰਟਰ ਫਾਈਨਲ ’ਚ ਚੀਨ ਨਾਲ ਖੇਡੇਗੀ।


author

Aarti dhillon

Content Editor

Related News