ਪੰਜਾਬ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, RCB ਹੱਥੋਂ 60 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਦੌੜ 'ਚੋਂ ਹੋਈ ਬਾਹਰ
Friday, May 10, 2024 - 12:26 AM (IST)
ਸਪੋਰਟਸ ਡੈਸਕ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਬੈਂਗਲੁਰੂ ਨੇ ਪੰਜਾਬ ਨੂੰ 80 ਦੌੜਾਂ ਨਾਲ ਹਰਾ ਕੇ ਪਲੇਆਫ਼ ਦੀ ਰੇਸ 'ਚੋਂ ਬਾਹਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਕਪਤਾਨ ਸੈਮ ਕਰਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਆਰ.ਸੀ.ਬੀ. ਨੇ ਵਿਰਾਟ ਕੋਹਲੀ (92), ਰਜਤ ਪਾਟੀਦਾਰ (55) ਤੇ ਕੈਮਰੂਨ ਗ੍ਰੀਨ (46) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਸਨ।
ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਪ੍ਰਭਸਿਮਰਨ ਸਿੰਘ 4 ਗੇਂਦਾਂ 'ਚ 6 ਦੌੜਾਂ ਬਣਾ ਕੇ ਸਵਪਨਿਲ ਸਿੰਘ ਦੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ।
ਇਸ ਤੋਂ ਬਾਅਦ ਜਾਨੀ ਬੇਅਰਸਟਾ ਤੇ ਰਾਇਲੀ ਰੂਸੋ ਨੇ ਦੂਜੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਨੀ ਬੇਅਰਸਟਾ 16 ਗੇਂਦਾਂ 'ਚ 4 ਚੌਕੇ ਤੇ 1 ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਲਾਕੀ ਫਾਰਗੁਸਨ ਦੀ ਗੇਂਦ 'ਤੇ ਆਊਟ ਹੋ ਗਿਆ।
ਇਸ ਤੋਂ ਬਾਅਦ ਸ਼ਸ਼ਾਂਕ ਸਿੰਘ 19 ਗੇਂਦਾਂ 'ਚ 37 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਜਿਤੇਸ਼ ਸ਼ਰਮਾ ਵੀ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਲਿਆਮ ਲਿਵਿੰਗਸਟੋਨ ਤਾਂ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਰਾਇਲੀ ਰੂਸੋ 27 ਗੇਂਦਾਂ 'ਚ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਕਰਨ ਸ਼ਰਮਾ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਕਪਤਾਨ ਸੈਮ ਕਰਨ ਵੀ ਟੀਮ ਨੂੰ ਜਿਤਾਉਣ 'ਚ ਸਫ਼ਲ ਨਾ ਹੋ ਸਕੇ ਤੇ 16 ਗੇਂਦਾਂ 'ਚ 22 ਦੌੜਾਂ ਹੀ ਬਣਾ ਸਕੇ।
ਇਸ ਤਰ੍ਹਾਂ ਅੰਤ 'ਚ ਟੀਮ ਦਾ ਕੋਈ ਵੀ ਬੱਲੇਬਾਜ਼ ਟਿਕ ਨਾ ਸਕਿਆ ਤੇ ਪੂਰੀ ਟੀਮ 17 ਓਵਰਾਂ 'ਚ 181 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਆਖ਼ਿਰ ਇਹ ਮੁਕਾਬਲਾ ਆਰ.ਸੀ.ਬੀ. ਨੇ ਇਹ ਮੁਕਾਬਲਾ 60 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ ਪਲੇਆਫ਼ ਵੱਲ ਇਕ ਕਦਮ ਹੋਰ ਵਧਾ ਲਿਆ, ਜਦਕਿ ਪੰਜਾਬ ਲਈ ਹੁਣ ਪਲੇਆਫ਼ 'ਚ ਪਹੁੰਚਣ ਦੇ ਰਾਹ ਬੰਦ ਹੋ ਗਏ ਹਨ।
ਬੈਂਗਲੁਰੂ ਦੇ ਹੁਣ 12 ਮੈਚਾਂ 'ਚ 5 ਮੈਚ ਜਿੱਤ ਕੇ 10 ਅੰਕ ਹੋ ਗਏ ਹਨ ਤੇ ਉਹ ਹਾਲੇ ਵੀ ਕਿੰਤੂ-ਪਰੰਤੂ ਦੀ ਸਥਿਤੀ 'ਚ ਪਲੇਆਫ਼ ਦੀ ਰੇਸ 'ਚ ਬਣੀ ਹੋਈ ਹੈ, ਜਦਕਿ ਪੰਜਾਬ ਦੇ 12 ਮੈਚਾਂ 'ਚ ਸਿਰਫ਼ 8 ਅੰਕ ਹਨ ਤੇ ਉਨ੍ਹਾਂ ਲਈ ਪਲੇਆਫ਼ 'ਚ ਪਹੁੰਚਣਾ ਨਾਮੁਮਕਿਨ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e