ਚੇਨਈ ਨੂੰ ਦੋ ਵਾਰ ਹਰਾਉਣ ਵਾਲੀ ਲਖਨਊ ਹੁਣ ਰਾਜਸਥਾਨ ਤੋਂ ਹਾਰੀ, KL ਰਾਹੁਲ ਨੇ ਦੱਸਿਆ ਕਾਰਨ

04/28/2024 11:40:24 AM

ਲਖਨਊ— ਰਾਜਸਥਾਨ ਰਾਇਲਸ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ 'ਚ 7 ਵਿਕਟਾਂ ਨਾਲ ਹਾਰਨ ਤੋਂ ਬਾਅਦ ਲਖਨਊ ਸੁਪਰਜਾਇੰਟਸ (ਐੱਲ. ਐੱਸ. ਜੀ.) ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20-25 ਦੌੜਾਂ ਘੱਟ ਬਣਾਈਆਂ। ਐੱਲਐੱਸਜੀ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੰਦਿਆਂ ਪੰਜ ਵਿਕਟਾਂ ’ਤੇ 196 ਦੌੜਾਂ ਬਣਾਈਆਂ ਪਰ ਰਾਜਸਥਾਨ ਨੇ ਇਕ ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਮੈਚ ਜਿੱਤ ਲਿਆ।
ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਨੇ 33 ਗੇਂਦਾਂ ਵਿੱਚ 71 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਧਰੁਵ ਜੁਰੇਲ (ਅਜੇਤੂ 52) ਦੇ ਨਾਲ ਚੌਥੇ ਵਿਕਟ ਲਈ 62 ਗੇਂਦਾਂ ਵਿੱਚ 121 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਮੈਚ 'ਚ 48 ਗੇਂਦਾਂ 'ਚ 76 ਦੌੜਾਂ ਬਣਾਉਣ ਵਾਲੇ ਰਾਹੁਲ ਨੇ ਪੁਰਸਕਾਰ ਸਮਾਰੋਹ 'ਚ ਕਿਹਾ ਕਿ ਅਸੀਂ ਲਗਭਗ 20 ਦੌੜਾਂ ਘੱਟ ਬਣਾਈਆਂ। ਸਾਨੂੰ ਚੰਗੀ ਸ਼ੁਰੂਆਤ ਨਹੀਂ ਮਿਲੀ ਪਰ ਮੈਂ ਅਤੇ (ਦੀਪਕ) ਹੁੱਡਾ ਨੇ ਚੰਗੀ ਸਾਂਝੇਦਾਰੀ ਕੀਤੀ। ਹਾਲਾਂਕਿ ਕ੍ਰੀਜ਼ 'ਤੇ ਸਮਾਂ ਬਿਤਾਉਣ ਵਾਲੇ ਬੱਲੇਬਾਜ਼ਾਂ ਲਈ 50-60 ਦੌੜਾਂ ਦੇ ਸਕੋਰ ਨੂੰ ਸੈਂਕੜੇ 'ਚ ਬਦਲਣ ਦੀ ਲੋੜ ਸੀ।
ਐੱਲਐੱਸਜੀ ਨੇ 11 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ ਪਰ ਰਾਹੁਲ ਨੇ ਤੀਜੇ ਵਿਕਟ ਲਈ ਹੁੱਡਾ (50) ਦੇ ਨਾਲ 62 ਗੇਂਦਾਂ 'ਚ 115 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ 'ਚ ਵਾਪਸੀ ਕੀਤੀ। ਹਾਲਾਂਕਿ ਟੀਮ ਆਖਰੀ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ। ਰਾਹੁਲ ਨੇ ਕਿਹਾ ਕਿ ਰਾਜਸਥਾਨ ਨੇ ਆਖਰੀ ਕੁਝ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਸੀਂ ਚੰਗੀ ਸਥਿਤੀ ਵਿਚ ਸੀ ਅਤੇ ਸਾਨੂੰ 20-25 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸਨ।
ਰਵੀ ਬਿਸ਼ਨੋਈ ਨੂੰ ਦੇਰ ਨਾਲ ਗੇਂਦਬਾਜ਼ੀ ਕਰਨ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਅਸੀਂ ਆਖਰੀ ਓਵਰਾਂ 'ਚ ਬਿਸ਼ਨੋਈ ਦਾ ਇਸਤੇਮਾਲ ਕਰਾਂਗੇ। ਪਰ ਉਨ੍ਹਾਂ ਨੇ ਸਾਡੇ 'ਤੇ ਦਬਾਅ ਬਣਾਈ ਰੱਖਿਆ। ਜਦੋਂ ਸਾਨੂੰ ਉਸ ਨੂੰ ਗੇਂਦਬਾਜ਼ੀ 'ਤੇ ਲਿਆਉਣ ਦਾ ਸਹੀ ਸਮਾਂ ਨਹੀਂ ਮਿਲਿਆ। ਜਦੋਂ ਤੱਕ ਉਸ ਨੇ ਗੇਂਦਬਾਜ਼ੀ ਕੀਤੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਸੀਂ ਉਨ੍ਹਾਂ ਨੂੰ ਰੋਵਮੈਨ ਪਾਵੇਲ ਅਤੇ ਸ਼ਿਮਰੋਨ ਹੇਟਮਾਇਰ ਦੇ ਖਿਲਾਫ ਵਰਤਣਾ ਚਾਹੁੰਦੇ ਸੀ।
 ਅਪਡੇਟ ਹੋਈ ਅੰਕ ਸਾਰਣੀ
ਇਸ ਜਿੱਤ ਨਾਲ ਰਾਜਸਥਾਨ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਬਰਕਰਾਰ ਹੈ। ਉਹ 9 'ਚੋਂ ਸਿਰਫ ਇਕ ਮੈਚ ਹਾਰਿਆ ਹੈ। ਉਨ੍ਹਾਂ ਦੇ 16 ਅੰਕ ਹਨ, ਜਿਸ ਨਾਲ ਪਲੇਆਫ ਲਈ ਉਨ੍ਹਾਂ ਦੇ ਦਾਅਵੇ ਦੀ 99.99 ਫੀਸਦੀ ਪੁਸ਼ਟੀ ਹੋਈ ਹੈ। ਲਖਨਊ ਨੌਵੇਂ ਮੈਚ 'ਚ ਚੌਥੀ ਹਾਰ ਨਾਲ ਚੌਥੇ ਸਥਾਨ 'ਤੇ ਬਰਕਰਾਰ ਹੈ। ਉਸ ਨੂੰ ਹੈਦਰਾਬਾਦ, ਦਿੱਲੀ ਅਤੇ ਚੇਨਈ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਇੰਡੀਅਨਜ਼ 9 'ਚੋਂ 6 ਹਾਰਾਂ ਨਾਲ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ, ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ 9 ਮੈਚਾਂ 'ਚ 7 ਹਾਰਾਂ ਨਾਲ 10ਵੇਂ ਸਥਾਨ 'ਤੇ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਲਖਨਊ ਸੁਪਰ ਜਾਇੰਟਸ:
ਕਵਿੰਟਨ ਡੀ ਕਾਕ, ਕੇਐੱਲ ਰਾਹੁਲ (ਵਿਕਟਕੀਪਰ/ਕਪਤਾਨ), ਮਾਰਕਸ ਸਟੋਇਨਿਸ, ਦੀਪਕ ਹੁੱਡਾ, ਨਿਕੋਲਸ ਪੂਰਨ, ਆਯੂਸ਼ ਬਦੋਨੀ, ਕਰੁਣਾਲ ਪੰਡਯਾ, ਮੈਟ ਹੈਨਰੀ, ਰਵੀ ਬਿਸ਼ਨੋਈ, ਮੋਹਸਿਨ ਖਾਨ, ਯਸ਼ ਠਾਕੁਰ।
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰੋਵਮੈਨ ਪਾਵੇਲ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।


Aarti dhillon

Content Editor

Related News