ਵਰਲਡ ਕੱਪ ਲਈ ਅਜੇ ਕਿਸੇ ਦੀ ਜਗ੍ਹਾ ਪੱਕੀ ਨਹੀਂ: ਰੋਹਿਤ ਸ਼ਰਮਾ

Tuesday, Oct 30, 2018 - 10:23 AM (IST)

ਨਵੀਂ ਦਿੱਲੀ— ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਮੁੰਬਈ 'ਚ ਤੂਫਾਨੀ ਸੈਂਕੜਾ ਲਗਾਇਆ। ਨੰਬਰ 4 'ਤੇ ਬੱਲੇਬਾਜ਼ੀ ਕਰਨ ਉਤਰੇ ਅੰਬਾਤੀ ਰਾਇਡੂ ਨੇ 81 ਗੇਂਦਾਂ 'ਚ 100 ਦੌੜਾਂ ਦੀ ਪਾਰੀ ਖੇਡ ਕੇ ਦਿਖਾ ਦਿੱਤਾ ਕੀ ਕਪਤਾਨ ਕੋਹਲੀ ਦਾ ਉਨ੍ਹਾਂ 'ਤੇ ਕੀਤਾ ਭਰੋਸਾ ਬਿਲਕੁਲ ਠੀਕ ਸੀ। ਰੋਹਿਤ ਅਤੇ ਅੰਬਾਤੀ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਵੈਸਟਇੰਡੀਜ਼ ਨੂੰ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਮੈਚ 'ਚ 224 ਦੌੜਾਂ ਨਾਲ ਹਰਾਉਣ 'ਚ ਸਫਲ ਰਿਹਾ। ਸੈਂਕੜਾ ਲਗਾਉਣ ਤੋਂ ਬਾਅਦ ਵੀ ਰੋਹਿਤ ਸ਼ਰਮਾ ਨੇ ਕਿਹਾ,' ਵਰਲਡ ਕੱਪ ਲਈ ਅਜੇ ਕੁਝ ਵੀ ਨਿਸ਼ਚਿਤ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ। ਵਰਲਡ ਕੱਪ 'ਚ ਅਜੇ ਵੀ ਬਹੁਤ ਸਮਾਂ ਹੈ ਅਤੇ ਕਾਫੀ ਮੈਚ ਖੇਡਣੇ ਬਾਕੀ ਹਨ ਅਤੇ ਮੈਂ ਇਹ ਨਹੀਂ ਕਹਾਂਗਾ ਕਿ ਕਿਸੇ ਦੀ ਜਗ੍ਹਾ ਪੱਕੀ ਹੈ। ਅੰਬਾਤੀ ਨੇ ਅੱਜ ਆਪਣਾ ਸੁਭਾਵਿਕ ਖੇਡ ਖੇਡਿਆ ਅਤੇ ਮੈ ਬਹੁਤ ਖੁਸ਼ ਹਾਂ ਕਿ ਉਨ੍ਹਾਂ ਨੇ ਕਪਤਾਨ ਦੇ ਭਰੋਸੇ ਨੂੰ ਪੂਰਾ ਕਰਕੇ ਦਿਖਾਇਆ। ਹੁਣ ਅਸੀਂ ਨਿਊਜ਼ੀਲੈਂਡ 'ਚ ਖੇਡਣਾ ਹੈ ਅਤੇ ਫਿਰ ਇਸ ਤੋਂ ਬਾਅਦ ਇੰਗਲੈਂਡ 'ਚ ਵਰਲਡ ਕੱਪ ਹੋਵੇਗਾ। ਮੈਨੂੰ ਲੱਗਦਾ ਹੈ ਕਿ ਉਥੇ ਗੇਂਦ ਕਾਫੀ ਸਵਿੰਗ ਕਰਦੀ ਹੈ ਅਤੇ ਰਾਇਡੂ ਉਥੇ ਪ੍ਰਭਾਵੀ ਖੇਡ ਖੇਡਣ 'ਚ ਕਾਮਯਾਬ ਹੋਵੇਗਾ।'
PunjabKesari
ਰੋਹਿਤ ਨੇ ਅੰਬਾਤੀ ਰਾਇਡੂ ਦੀ ਤਾਰੀਫ ਕਰਦੇ ਹੋਏ ਮੈਚ ਤੋਂ ਬਾਅਦ ਕਿਹਾ.' ਮੈਨੂੰ ਲੱਗਦਾ ਹੈ ਕਿ ਅੰਬਾਤੀ ਰਾਇਡੂ ਦੀ ਤੂਫਾਨੀ ਪਾਰੀ ਨੇ ਚੌਥੇ ਨੰਬਰ ਨੂੰ ਲੈ ਕੇ ਸਾਰੀਆਂ ਦੁਵਿਧਾਵਾਂ ਨੂੰ ਖਤਮ ਕਰ ਦਿੱਤਾ। ਵਰਲਡ ਕੱਪ ਤੱਕ ਹੁਣ ਚੌਥੇ ਨੰਬਰ ਨੂੰ ਲੈ ਕੇ ਕਈ ਗੱਲ ਨਹੀਂ ਹੋਵੇਗੀ।' ਰੋਹਿਤ ਨੇ ਇਸ ਮੈਚ 'ਚ 162 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਜਦਕਿ ਰਾਇਡੂ ਨੇ 100 ਦੌੜਾਂ ਬਣਾਈਆਂ। ਦੋਵਾਂ ਨੇ ਤੀਜੇ ਵਿਕਟ ਲਈ 211 ਦੌੜਾਂ ਬਣਾਈਆਂ ਜਿਸ ਨਾਲ ਭਾਰਤ ਨੇ ਪੰਜ ਵਿਕਟ 'ਤੇ 377 ਦੌੜਾਂ ਦਾ ਸਕੋਰ ਖੜਾ ਕੀਤਾ। ਰੋਹਿਤ ਨੇ ਆਪਣੇ 21ਵੇਂ ਸੈਂਕੜੇ ਦੌਰਾਨ 137 ਗੇਂਦਾਂ ਦਾ ਸਾਹਮਣਾ ਕਰਦੇ ਹੋਏ 20 ਚੌਕੇ ਅਤੇ ਚਾਰ ਛੱਕੇ ਮਾਰੇ ਜਦਕਿ ਰਾਇਡੂ ਨੇ ਆਪਣੀ ਪਾਰੀ 'ਚ ਅੱਠ ਚੌਕੇ ਅਤੇ ਚਾਰ ਛੱਕੇ ਜੜੇ। ਰੋਹਿਤ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਕ ਵਾਰ ਫਿਰ ਉਹ ਸ਼ਾਇਦ ਵਨ ਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ 'ਚ ਕਾਮਯਾਬ ਹੋਣਗੇ, ਪਰ ਅਜਿਹਾ ਨਹੀਂ ਹੋ ਪਾਇਆ।


Related News