ਟੈਸਟ ਕ੍ਰਿਕਟ ’ਚ ਵਿਕਟ ਦੇ ਪਿੱਛੇ ਪੰਤ ਬਣੇ ਨੰਬਰ-1, ਤੋੜਿਆ ਧੋਨੀ ਦਾ ਇਹ ਰਿਕਾਰਡ
Monday, Sep 02, 2019 - 02:16 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਰਿਸ਼ਭ ਪੰਤ ਵੈਸਟਇੰਡੀਜ਼ ਖਿਲਾਫ ਦੋਹਾਂ ਟੈਸਟ ਮੈਚ ’ਚ ਚੰਗੀ ਬੱਲੇਬਾਜ਼ੀ ਨਹੀਂ ਕਰ ਸਕੇ ਪਰ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ਦੇ ਦੌਰਾਨ ਉਨ੍ਹਾਂ ਨੇ ਵਿਕਟ ਦੇ ਪਿੱਛੇ ਇਕ ਖਾਸ ਉਪਲਬਧੀ ਆਪਣੇ ਨਾਂ ਜ਼ਰੂਰ ਕਰ ਲਈ। ਰਿਸ਼ਭ ਪੰਤ ਨੇ ਇਸ ਮਾਮਲੇ ’ਚ ਸਾਬਕਾ ਭਾਰਤੀ ਟੈਸਟ ਵਿਕਟਕੀਪਰ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਨੂੰ ਪਿੱਛੇ ਛੱਡ ਦਿੱਤਾ।
ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਰਿਸ਼ਭ ਪੰਤ ਨੇ
ਰਿਸ਼ਭ ਪੰਤ ਟੈਸਟ ਕ੍ਰਿਕਟ ’ਚ ਭਾਰਤ ਵੱਲੋਂ ਵਿਕਟ ਦੇ ਪਿੱਛੇ ਸਭ ਤੋਂ ਤੇਜ਼ 50 ਸ਼ਿਕਾਰ ਕਰਨ ਵਾਲੇ ਪਹਿਲੇ ਵਿਕਟਕੀਪਰ ਬਣ ਗਏ। ਉਨ੍ਹਾਂ ਨੇ ਸਾਬਕਾ ਟੈਸਟ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਦੇ ਹੋਏ ਇਹ ਰਿਕਾਰਡ ਆਪਣੇ ਨਾਂ ਕੀਤਾ। ਰਿਸ਼ਭ ਪੰਤ ਨੇ 11 ਟੈਸਟ ਮੈਚਾਂ ’ਚ ਵਿਕਟ ਦੇ ਪਿੱਛੇ ਆਪਣਾ 50ਵਾਂ ਸ਼ਿਕਾਰ ਕੀਤਾ। ਜਦਕਿ ਧੋਨੀ ਨੇ ਟੈਸਟ ਕ੍ਰਿਕਟ ’ਚ ਇਹ ਕਮਾਲ ਆਪਣੇ 15ਵੇਂ ਟੈਸਟ ਮੈਚ ’ਚ ਕੀਤਾ ਸੀ। ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਰਿਸ਼ਭ ਪੰਤ ਨੇ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ¬ਕ੍ਰੇਗ ਬ੍ਰੇਥਵੇਟ ਦਾ ਕੈਚ ਜਿਵੇਂ ਹੀ ਫੜਿਆ ਉਹ ਇਸ ਕਮਾਲ ਨੂੰ ਕਰਨ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਬਣ ਗਏ। ਭਾਰਤੀ ਵਿਕਟਕੀਪਰ ਦਿਨੇਸ਼ ਕਾਰਤਿਕ ਨੇ 16 ਟੈਸਟ ਮੈਚਾਂ ’ਚ ਆਪਣੇ 50 ਸ਼ਿਕਾਰ ਕੀਤੇ ਸਨ ਜਦਕਿ ਨਯਨ ਮੋਂਗੀਆ ਨੇ 19 ਮੈਚਾਂ ’ਚ ਇਹ ਕਮਾਲ ਕੀਤਾ ਸੀ।
ਐਡਮ ਗਿਲਕ੍ਰਿਸਟ ਦੀ ਬਰਾਬਰੀ ਕਰ ਲਈ ਰਿਸ਼ਭ ਪੰਤ ਨੇ
ਟੈਸਟ ਕ੍ਰਿਕਟ ’ਚ ਸਭ ਤੋਂ ਤੇਜ਼ 50 ਸ਼ਿਕਾਰ ਕਰਨ ਦੇ ਮਾਮਲੇ ’ਚ ਰਿਸ਼ਭ ਪੰਤ ਨੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਦੀ ਬਰਾਬਰੀ ਕਰ ਲਈ। ਗਿਲਕ੍ਰਿਸਟ ਨੇ ਵੀ ਆਪਣੇ 11ਵੇਂ ਟੈਸਟ ਮੈਚ ’ਚ ਵਿਕਟ ਦੇ ਪਿੱਛੇ 50 ਸ਼ਿਕਾਰ ਕੀਤੇ ਸਨ। ਰਿਸ਼ਭ ਹੁਣ ਉਨ੍ਹਾਂ ਦੀ ਬਰਾਬਰੀ ’ਤੇ ਆ ਗਏ ਹਨ। ਜਦਕਿ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ’ਚ ਵਿਕਟ ਦੇ ਪਿੱਛੇ ਸਭ ਤੋਂ ਤੇਜ਼ 50 ਸ਼ਿਕਾਰ ਕਰਨ ਦੇ ਮਾਮਲੇ ’ਚ ਤਿੰਨ ਵਿਕਟਕੀਪਰ ਸੰਯੁਕਤ ਤੌਰ ’ਤੇ ਪਹਿਲੇ ਸਥਾਨ ’ਤੇ ਹਨ। ਦੱਖਣੀ ਅਫਰੀਕ ਦੇ ਸਾਬਕਾ ਵਿਕਟਕੀਪਰ ਮਾਰਕ ਬਾਊਚਰ, ਇੰਗਲੈਂਡ ਦੇ ਵਿਕਟਕੀਪਰ ਜਾਨੀ ਬੇਅਰਸਟਾਅ ਅਤੇ ਆਸਟਰੇਲੀਆ ਦੇ ਵਿਕਟਕੀਪਰ ਟਿਮ ਪੇਨ ਨੇ ਆਪਣਮੇ 10 ਟੈਸਟ ਮੈਚਾਂ ’ਚੋਂ ਹੀ 50 ਸ਼ਿਕਾਰ ਕਰ ਦਿੱਤੇ ਸਨ।