ਮੁਖਰਜੀ ਨੇ ਸਵਿਸ ਓਪਨ ਦੇ ਮੁੱਖ ਡਰਾਅ ਲਈ ਕੀਤਾ ਕੁਆਲੀਫਾਈ
Wednesday, Mar 13, 2019 - 09:37 AM (IST)

ਬਾਸੇਲ (ਸਵਿਟਜ਼ਰਲੈਂਡ)— ਯੁਵਾ ਬੈਡਮਿੰਟਨ ਖਿਡਾਰਨ ਰੀਆ ਮੁਖਰਜੀ ਅਤੇ ਭਾਰਤੀ ਪੁਰਸ਼ ਡਬਲਜ਼ ਦੀਆਂ 2 ਜੋੜੀਆਂ ਨੇ ਮੰਗਲਵਾਰ ਨੂੰ ਯੋਨੇਕਸ ਸਵਿਸ ਓਪਨ ਦੇ ਮੁੱਖ ਡਰਾਅ ਲਈ ਕੁਆਲੀਫਾਈ ਕੀਤਾ। ਮੁਖਰਜੀ ਨੇ ਕੁਆਲੀਫਾਇੰਗ ਮੈਚ 'ਚ ਹੰਗਰੀ ਦੀ ਲੌਰਾ ਸੋਰਾਸੀ ਨੂੰ ਅੱਧੇ ਘੰਟੇ 'ਚ 21-15, 21-10 ਨਾਲ ਹਰਾਇਆ। ਹੁਣ ਉਹ ਮੁੱਖ ਡਰਾਅ ਦੇ ਪਹਿਲੇ ਦੌਰ 'ਚ ਲਿੰਡਾ ਜੇਚਿਰੀ ਨਾਲ ਭਿੜੇਗੀ।
ਪੁਰਸ਼ ਡਬਲਜ਼ ਕੁਆਲੀਫਾਇਰ 'ਚ ਭਾਰਤ ਦੇ ਪ੍ਰਣਵ ਜੇਰੀ ਚੋਪੜਾ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ 51 ਮਿੰਟ ਤਕ ਚਲੇ ਮੁਕਾਬਲੇ 'ਚ ਚੀਨੀ ਤਾਈਪੇ ਦੇ ਲੀ ਫਾਂਗ ਚਿ ਅਤੇ ਲੁ ਚੀਆ ਪਿਨ ਨੂੰ 21-15, 17-21, 21-19 ਨਾਲ ਹਰਾਇਆ। ਕ੍ਰਿਸ਼ਨ ਪ੍ਰਸਾਦ ਗਾਰਗਾ ਅਤੇ ਧਰੁਵ ਕਪਿਲਾ ਦੀ ਇਕ ਹੋਰ ਭਾਰਤੀ ਜੋੜੀ ਨੇ ਜਰਮਨੀ ਦੇ ਜਾਰਨੇ ਗੇਸ ਅਤੇ ਜਾਨ ਕੋਲਿਨ ਨੂੰ 52 ਮਿੰਟ ਤਕ ਚਲੇ ਮੁਕਾਬਲੇ 'ਚ 21-17, 19-21, 21-18 ਨਾਲ ਹਰਾਇਆ। ਹਾਲਾਂਕਿ ਬੀ ਸੁਮਿਤ ਰੈਡੀ ਅਤੇ ਪੂਜਾ ਢਾਂਡੂ ਦੀ ਮਿਕਸਡ ਡਬਲਜ਼ ਜੋੜੀ ਕੁਆਲੀਫਾਇੰਗ ਦੀ ਰੁਕਾਵਟ ਪਾਰ ਨਾ ਕਰ ਸਕੀ।