ਰਵਿੰਦਰ ਨੇ 3 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀਆਂ ਮੁਸ਼ਕਿਲਾਂ ਵਧਾਈਆਂ

02/13/2024 6:50:37 PM

ਹੈਮਿਲਟਨ, (ਭਾਸ਼ਾ)–ਆਲਰਾਊਂਡਰ ਰਚਿਨ ਰਵਿੰਦਰ ਦੀਆਂ 3 ਵਿਕਟਾਂ ਦੀ ਮਦਦ ਨਾਲ ਨਿਊਜ਼ੀਲੈਂਡ 2 ਮੈਚਾਂ ਦੀ ਲੜੀ ਦੇ ਆਖਰੀ ਟੈਸਟ ਦੇ ਪਹਿਲੇ ਦਿਨ 220 ਦੌੜਾਂ ’ਤੇ 6 ਵਿਕਟਾਂ ਲੈ ਕੇ ਦੱਖਣੀ ਅਫਰੀਕਾ ’ਤੇ ਮਾਨਸਿਕ ਬੜ੍ਹਤ ਬਣਾਉਣ ਵਿਚ ਸਫਲ ਰਿਹਾ। ਖੱਬੇ ਹੱਥ ਦੇ ਸਪਿਨਰ ਰਵਿੰਦਰ ਨੇ ਮੱਧਕ੍ਰਮ ਵਿਚ ਜੁਬੈਰ ਹਮਜਾ (20), ਕੀਗਨ ਪੀਟਰਸਨ (2) ਤੇ ਡੇਵਿਡ ਬੇਡਿੰਘਮ (39) ਦੀਆਂ ਅਹਿਮ ਵਿਕਟਾਂ ਲਈਆਂ। ਉਸ ਨੇ ਆਪਣੇ 21 ਓਵਰਾਂ ਵਿਚ ਸਿਰਫ 33 ਦੌੜਾਂ ਦਿੱਤੀਆਂ। 

ਰੂਆਨ ਡੀ ਸਵਾਰਡਟ ਨੇ ਆਪਣਾ ਪਹਿਲਾ ਅਰਧ ਸੈਂਕੜਾ ਲਾਇਆ ਹਾਲਾਂਕਿ ਮੈਚ ਵਿਚ ਦੱਖਣੀ ਅਫਰੀਕਾ ਦੀ ਵਾਪਸੀ ਕਰਵਾਈ। ਉਸ ਨੇ 37 ਸਾਲ ਦੀ ਉਮਰ ਵਿਚ ਟੈਸਟ ਡੈਬਿਊ ਕਰ ਰਹੇ ਆਲਰਾਊਂਡਰ ਸ਼ੇਨ ਵਾਨ ਬਰਗ ਦੇ ਨਾਲ 7ਵੀਂ ਵਿਕਟ ਲਈ 70 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਲਈ ਹੈ। ਸਟੰਪਸ ਦੇ ਸਮੇਂ ਡੀ. ਸਵਾਰਡਟ 55 ਦੌੜਾਂ ਤੇ ਵਾਨ ਬਰਗ 34 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ। ਨਿਊਜ਼ੀਲੈਂਡ ਨੇ ਲੜੀ ਦੇ ਪਹਿਲੇ ਮੈਚ ਵਿਚ 6 ਵਿਕਟਾਂ ਲੈਣ ਵਾਲੇ ਮਿਸ਼ੇਲ ਸੈਂਟਨਰ ਨੂੰ ਆਖਰੀ-11 ਵਿਚ ਮੌਕਾ ਨਹੀਂ ਦਿੱਤਾ। ਟੀਮ ਚਾਰ ਮੁੱਖ ਗੇਂਦਬਾਜ਼ਾਂ ਦੇ ਨਾਲ ਮੈਦਾਨ ਵਿਚ ਉਤਰੀ, ਜਿਸ ਨਾਲ ਉਸ ਨੂੰ ਸਪਿਨ ਗੇਂਦਬਾਜ਼ੀ ਵਿਭਾਗ ਵਿਚ ਰਵਿੰਦਰ ’ਤੇ ਬਹੁਤ ਜ਼ਿਆਦਾ ਨਿਰਭਰ ਰਹਿਣਾ ਪਿਆ।


Tarsem Singh

Content Editor

Related News