ਰੈਂਕੀਰੇੱਡੀ-ਚਿਰਾਗ ਪਹਿਲੀ ਵਾਰ ਵਰਲਡ ਬੈਡਮਿੰਟਨ ਰੈਂਕਿੰਗ ਦੇ ਟਾਪ-10 'ਚ
Tuesday, Aug 06, 2019 - 05:30 PM (IST)
ਸਪੋਰਟਸ ਡੈਸਕ— ਸਤਵਿਕਸਰਾਜ ਰੈਂਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਥਾਈਲੈਂਡ ਓਪਨ 'ਚ ਆਪਣੀ ਹੈਰਤਅੰਗੇਜ ਖਿਤਾਬੀ ਜਿੱਤ ਦੀ ਬਦੌਲਤ ਮੰਗਲਵਾਰ ਨੂੰ ਜਾਰੀ ਤਾਜ਼ਾ ਵਰਲਡ ਬੈਡਮਿੰਟਨ ਰੈਂਕਿੰਗ 'ਚ ਸੱਤ ਸਥਾਨ ਦੀ ਲੰਬੀ ਛਲਾਂਗ ਲਗਾ ਕੇ ਪਹਿਲੀ ਵਾਰ ਟਾਪ 10 'ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਪਿਛਲੇ ਐਤਵਾਰ ਨੂੰ ਮੌਜੂਦਾ ਵਰਲਡ ਚੈਂਪੀਅਨ ਤੇ ਤੀਜੀ ਸੀਡ ਚੀਨ ਦੇ ਲਈ ਜੁਨ ਹੋਈ ਤੇ ਲਿਊ ਯੂ ਚੇਨ ਦੀ ਜੋੜੀ ਨੂੰ ਹਰਾ ਕੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ। ਇਸ ਖਿਤਾਬ ਨੂੰ ਜਿੱਤਣ ਦਾ ਰੈਂਕੀਰੇੱਡੀ ਤੇ ਚਿਰਾਗ ਨੂੰ ਸੱਤ ਸਥਾਨ ਦਾ ਫਾਇਦਾ ਪਹੁੰਚਿਆ ਤੇ ਹੁਣ ਉਹ ਵਰਲਡ ਡਬਲ ਰੈਂਕਿੰਗ 'ਚ ਪਹਿਲੀ ਵਾਰ ਨੌਵਾਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਹ 16ਵੇਂ ਸਥਾਨ 'ਤੇ ਸਨ।
ਥਾਈਲੈਂਡ ਓਪਨ ਦੇ ਦੂਜੇ ਦੌਰ 'ਚ ਬਾਹਰ ਹੋਣ ਵਾਲੀ ਸਾਇਨਾ ਨੇਹਵਾਲ ਆਪਣੇ ਅਠਵੇਂ ਸਥਾਨ 'ਤੇ ਕਾਇਮ ਹਨ ਜਦੋਂ ਕਿ ਥਾਈਲੈਂਡ ਓਪਨ ਤੋਂ ਹਟੀ ਪੀ. ਵੀ. ਸਿੰਧੂ ਦਾ ਪੰਜਵਾਂ ਸਥਾਨ ਬਣਾਇਆ ਹੋਇਆ ਹੈ। ਪੁਰਸ਼ ਸਿੰਗਲ 'ਚ ਕਿਦਾਂਬੀ ਸ਼੍ਰੀਕਾਂਤ ਦਾ 10ਵਾਂ, ਸਮੀਰ ਵਰਮਾ ਦਾ 13ਵਾਂ ਤੇ ਬੀ ਸਾਈ ਪ੍ਰਣੀਤ ਦਾ 19ਵਾਂ ਸਥਾਨ ਬਰਕਰਾਰ ਹੈ। ਪੁਰਸ਼ ਡਬਲ 'ਚ ਮਨੂੰ ਅਤਰੀ ਤੇ ਬੀ. ਸੁਮਿਤ ਰੇੱਡੀ 25ਵੇਂ ਸਥਾਨ 'ਤੇ ਬਣੇ ਹੋਏ ਹਨ। ਮਹਿਲਾ ਡਬਲ 'ਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੇੱਡੀ ਇਕ ਸਥਾਨ ਦੇ ਸੁਧਾਰ ਦੇ ਨਾਲ 23ਵੇਂ ਨੰਬਰ 'ਤੇ ਪਹੁੰਚ ਗਈਆਂ ਹਨ। ਮਿਸ਼ਰਤ ਡਬਲ ਪ੍ਰਣਵ ਜੈਰੀ ਚੋਪੜਾ ਤੇ ਸਿੱਕੀ ਰੇੱਡੀ ਇਕ ਸਥਾਨ ਡਿੱਗ ਕੇ 23ਵੇਂ ਨੰਬਰ 'ਤੇ ਖਿਸਕ ਗਏ ਹਨ।
