ਰਾਹੁਲ ਤੀਜੇ ਨੰਬਰ ''ਤੇ, ਵਿਰਾਟ ਟਾਪ-10 ''ਚੋਂ ਬਾਹਰ

Tuesday, Jul 10, 2018 - 12:33 AM (IST)

ਦੁਬਈ— ਭਾਰਤ ਦਾ ਲੋਕੇਸ਼ ਰਾਹੁਲ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿਚ ਆਪਣੇ ਸੈਂਕੜੇ ਦੀ ਬਦੌਲਤ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਟਾਪ-10 'ਚੋਂ ਬਾਹਰ ਹੋ ਗਿਆ ਹੈ।
ਭਾਰਤ ਨੇ ਇੰਗਲੈਂਡ ਕੋਲੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ, ਜਿਹੜੀ ਉਸ ਦੀ ਲਗਾਤਾਰ ਪੰਜਵੀਂ ਟੀ-20 ਸੀਰੀਜ਼ ਜਿੱਤ ਸੀ। ਰਾਹੁਲ ਪਹਿਲੇ ਮੈਚ ਵਿਚ ਸੈਂਕੜੇ ਤੋਂ ਬਾਅਦ 854 ਅੰਕਾਂ ਦੀ ਸਰਵਸ੍ਰੇਸ਼ਠ ਰੇਟਿੰਗ 'ਤੇ ਪਹੁੰਚ ਗਿਆ ਸੀ ਪਰ ਅਗਲੇ ਦੋ ਮੈਚਾਂ ਵਿਚ ਸਸਤੇ 'ਚ ਆਊਟ ਹੋਣ ਕਾਰਨ ਉਸ ਦੇ 812 ਅੰਕ ਰਹਿ ਗਏ। ਰਾਹੁਲ ਨੇ ਚਾਰ ਸਥਾਨਾਂ ਦਾ ਸੁਧਾਰ ਕੀਤਾ ਤੇ ਉਹ ਸੱਤਵੇਂ ਤੋਂ ਤੀਜੇ ਨੰਬਰ 'ਤੇ ਆ ਕੇ ਭਾਰਤ ਦਾ ਨੰਬਰ ਇਕ ਟੀ-20 ਬੱਲੇਬਾਜ਼ ਬਣ ਗਿਆ ਹੈ।
ਵਿਰਾਟ ਨੇ ਸੀਰੀਜ਼ ਦੇ ਆਖਰੀ ਦੋ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਦੋਵਾਂ ਮੈਚਾਂ ਵਿਚ ਹੀ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਉਹ 12ਵੇਂ ਨੰਬਰ 'ਤੇ ਖਿਸਕ ਗਿਆ ਹੈ। ਆਖਰੀ ਮੈਚ 'ਚ ਮੈਚ ਜੇਤੂ ਅਜੇਤੂ 100 ਦੌੜਾਂ ਬਣਾਉਣ ਵਾਲਾ ਰੋਹਿਤ ਸ਼ਰਮਾ ਸਾਂਝੇ ਤੌਰ 'ਤੇ 12ਵੇਂ ਤੋਂ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਓਪਨਰ ਸ਼ਿਖਰ ਧਵਨ ਨੂੰ ਲਗਾਤਾਰ ਖਰਾਬ ਪ੍ਰਦਰਸ਼ਨ ਦਾ ਖਮਿਆਜ਼ਾ 7 ਸਥਾਨਾਂ ਦੀ ਗਿਰਾਵਟ ਨਾਲ ਭੁਗਤਣਾ ਪਿਆ ਤੇ ਉਹ 61ਵੇਂ ਤੋਂ 23ਵੇਂ ਨੰਬਰ 'ਤੇ ਖਿਸਕ ਗਿਆ ਹੈ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇਕ ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ 51ਵੇਂ ਨੰਬਰ 'ਤੇ ਆ ਗਿਆ ਹੈ। 
ਭਾਰਤੀ ਗੇਂਦਬਾਜ਼ਾਂ 'ਚ ਲੈੱਗ ਸਪਿਨਰ ਯੁਜਵੇਂਦਰ ਚਾਹਲ ਚੌਥੇ ਸਥਾਨ 'ਤੇ ਬਰਕਰਾਰ ਹੈ ਤੇ ਚੋਟੀ ਦਾ ਭਾਰਤੀ ਗੇਂਦਬਾਜ਼ ਬਣਿਆ ਹੋਇਆ ਹੈ। ਪਹਿਲੇ ਮੈਚ ਵਿਚ ਪੰਜ ਵਿਕਟਾਂ ਲੈਣ ਵਾਲਾ ਪਰ ਆਖਰੀ ਮੈਚ ਵਿਚ ਬੈਂਚ 'ਤੇ ਬੈਠਣ ਵਾਲਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 19 ਸਥਾਨਾਂ ਦੀ ਛਲਾਗ ਲਾ ਕੇ 53ਵੇਂ ਤੋਂ 34ਵੇਂ ਨੰਬਰ 'ਤੇ ਪਹੁੰਚ ਗਿਆ ਹੈ।


Related News