ਇਕ ਸਾਲ ਬਾਅਦ ਵਿਸ਼ਵ ਰੈਂਕਿੰਗ ''ਚ ਸਿੰਧੂ ਬਣੀ ਨੰਬਰ 2 ਖਿਡਾਰਨ

Thursday, Oct 25, 2018 - 07:08 PM (IST)

ਇਕ ਸਾਲ ਬਾਅਦ ਵਿਸ਼ਵ ਰੈਂਕਿੰਗ ''ਚ ਸਿੰਧੂ ਬਣੀ ਨੰਬਰ 2 ਖਿਡਾਰਨ

ਨਵੀਂ ਦਿੱਲੀ : ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਪਿਛਲੇ ਹਫਤੇ  ਡੈੱਨਮਾਰਕ ਓਪਨ ਦੇ ਪਹਿਲੇ ਰਾਊਂਡ ਵਿਚ ਹਾਰ ਜਾਣ ਦੇ ਬਾਵਜੂਦ ਇਕ ਸਥਾਨ ਦੇ ਸੁਧਾਰ ਨਾਲ ਤਾਜਾ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ ਨੰਬਰ-2 ਬਣ ਗਈ ਹੈ। ਸਿੰਧੂ ਨੇ ਲਗਭਗ ਇਕ ਸਾਲ ਦੇ ਫਰਕ ਤੋਂ ਬਾਅਦ ਨੰਬਰ-2 ਰੈਂਕਿੰਗ ਹਾਸਲ ਕੀਤੀ ਹੈ। ਉਹ ਪਿਛਲੇ ਸਾਲ ਨਵੰਬਰ ਵਿਚ ਦੂਜੀ ਰੈਂਕਿੰਗ 'ਤੇ ਸੀ ਪਰ ਇਸ ਤੋਂ ਬਾਅਦ ਉਹ ਤੀਜੇ, ਫਿਰ ਚੌਥੇ ਤੇ ਵਾਪਿਸ ਤੀਜੇ ਸਥਾਨ 'ਤੇ ਗਈ ਸੀ। ਸਿੰਧੂ 2018 ਵਿਚ 15 ਮਾਰਚ ਤੋਂ 18 ਅਕਤੂਬਰ ਤਕ ਤੀਜੇ ਨੰਬਰ 'ਤੇ ਸੀ ਪਰ ਵੀਰਵਾਰ ਨੂੰ ਜਾਰੀ ਰੈਂਕਿੰਗ ਵਿਚ ਉਸ  ਨੂੰ ਦੂਜਾ ਸਥਾਨ ਮਿਲ ਗਿਆ ਹੈ। 

PunjabKesari

ਡੈੱਨਮਾਰਕ ਓਪਨ ਦੀ ਜੇਤੂ ਤਾਈਪੇ ਦੀ ਤੇਈ ਜੂ ਯਿੰਗ ਆਪਣੇ ਨੰਬਰ ਇਕ ਸਥਾਨ 'ਤੇ ਬਰਕਰਾ ਹੈ। ਡੈੱਨਮਾਰਕ ਓਪਨ ਦੇ ਫਾਈਨਲ ਵਿਚ ਜੂ ਜਿੰਗ ਹੱਥੋਂ ਹਾਰ ਜਾਣ ਵਾਲੀ ਭਾਰਤ ਦੀ ਸਾਇਨਾ ਨੇਹਵਾਲ ਨੇ ਇਕ ਸਥਾਨ ਦਾ ਸੁਧਾਰ ਕੀਤਾ ਹੈ ਤੇ ਉਹ ਹੁਣ 9ਵੇਂ ਨੰਬਰ 'ਤੇ ਆ ਗਈ ਹੈ। ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਆਪਣਾ ਦੂਜਾ ਸਥਾਨ ਗੁਆਇਆ ਹੈ ਤੇ ਉਹ ਤੀਜੇ ਨੰਬਰ 'ਤੇ ਖਿਸਕ ਗਈ ਹੈ। ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਇਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਡੈੱਨਮਾਰਕ ਓਪਨ ਦੇ ਸੈਮੀਫਾਈਨਲ ਤਕ ਪਹੁੰਚੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ ਵਿਚ ਆਪਣਾ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ। ਜਾਪਾਨ ਦਾ ਕੇਂਤੋ ਮੋਮੋਤਾ ਨੰਬਰ ਵਨ 'ਤੇ ਬਣਿਆ ਹੋਇਆ ਹੈ। ਐੱਚ. ਐੱਸ. ਪ੍ਰਣਯ ਦੋ ਸਥਾਨ ਹੇਠਾਂ 17ਵੇਂ ਨੰਬਰ 'ਤੇ ਖਿਸਕ ਗਿਆ ਹੈ ਜਦਕਿ ਸਮੀਰ ਵਰਮਾ 5 ਸਥਾਨਾਂ ਦੇ ਸੁਧਾਰ ਨਾਲ ਟਾਪ-20 ਵਿਚ ਸ਼ਾਮਲ ਹੋ ਹੁੰਦੇ ਹੋਏ 18ਵੇਂ ਨੰਬਰ 'ਤੇ ਪਹੁੰਚ ਗਿਆ ਹੈ। 


Related News