ਪੰਜਾਬ ਕਿੰਗਜ਼ ਨੇ ਇਨ੍ਹਾਂ ਦਿੱਗਜਾਂ ਨੂੰ ਕਰ ਲਿਆ ਰਿਟੇਨ, IPL 2025 ਤੋਂ ਪਹਿਲਾਂ ਚੁੱਕੇ ਵੱਡੇ ਕਦਮ
Saturday, Oct 26, 2024 - 06:47 PM (IST)
ਸਪੋਰਟਸ ਡੈਸਕ : ਪੰਜਾਬ ਕਿੰਗਜ਼ ਨੇ IPL 2025 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਸਮਾਂ ਪਹਿਲਾਂ ਟੀਮ 'ਚ ਮੁੱਖ ਕੋਚ ਦੇ ਰੂਪ 'ਚ ਵੱਡਾ ਬਦਲਾਅ ਕਰਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਜ਼ਿੰਮੇਵਾਰੀ ਸੌਂਪੀ ਸੀ। ਹੁਣ ਪੋਂਟਿੰਗ ਦੀ ਕੋਚਿੰਗ ਟੀਮ ਨੇ ਕਈ ਦਿੱਗਜਾਂ ਨੂੰ ਸਪੋਰਟ ਸਟਾਫ 'ਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਤਸਵੀਰ ਅਜੇ ਸਪੱਸ਼ਟ ਨਹੀਂ ਹੈ ਪਰ ਫਰੈਂਚਾਇਜ਼ੀ ਨੇ ਕੋਚਿੰਗ ਸਟਾਫ ਵਿਚ ਕਈ ਦਿੱਗਜਾਂ ਨੂੰ ਬਰਕਰਾਰ ਰੱਖਿਆ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਪੰਜਾਬ ਕਿੰਗਜ਼ ਦੇ ਨਵੇਂ ਮੁੱਖ ਕੋਚ ਰਿਕੀ ਪੋਂਟਿੰਗ ਨੇ ਸਾਬਕਾ ਆਸਟ੍ਰੇਲੀਅਨ ਆਲਰਾਊਂਡਰ ਜੇਮਸ ਹੋਪ ਨੂੰ ਸਪੋਰਟ ਸਟਾਫ 'ਚ ਸ਼ਾਮਲ ਕੀਤਾ ਹੈ। ਹੋਪਸ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ 'ਚ ਪੋਂਟਿੰਗ ਨਾਲ ਕੰਮ ਕਰ ਚੁੱਕੇ ਹਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਦਿੱਲੀ ਨੇ ਹੋਪਸ ਨੂੰ ਟੀਮ ਨਾਲ ਅੱਗੇ ਵਧਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਅਤੇ ਪੰਜਾਬ ਵਿਚ ਪੋਂਟਿੰਗ ਨਾਲ ਕੰਮ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਰਮਨਦੀਪ, ਵਿਜੇ ਕੁਮਾਰ ਅਤੇ ਦਿਆਲ ਦੀ ਲੱਗੀ ਲਾਟਰੀ, ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਜਾਣਗੇ
ਪੰਜਾਬ ਨੇ ਸਪੋਰਟ ਸਟਾਫ 'ਚ ਇਨ੍ਹਾਂ ਦਿੱਗਜਾਂ ਨੂੰ ਕੀਤਾ ਰਿਟੇਨ
ਇਸ ਦੇ ਨਾਲ ਹੀ ਪੋਂਟਿੰਗ ਨੇ ਬ੍ਰੈਡ ਹੈਡਿਨ ਨੂੰ ਸਪੋਰਟ ਸਟਾਫ 'ਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ, ਜੋ ਪਿਛਲੇ ਕੁਝ ਸਾਲਾਂ ਤੋਂ ਫ੍ਰੈਂਚਾਇਜ਼ੀ ਦੇ ਨਾਲ ਸਹਾਇਕ ਕੋਚ ਦੇ ਰੂਪ 'ਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਪੋਂਟਿੰਗ ਨੇ ਸਾਬਕਾ ਭਾਰਤੀ ਸਪਿਨਰ ਅਤੇ ਮੁੱਖ ਚੋਣਕਾਰ ਸੁਨੀਲ ਜੋਸ਼ੀ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਸੁਨੀਲ ਜੋਸ਼ੀ ਪਿਛਲੇ ਕੁਝ ਸਾਲਾਂ ਤੋਂ ਸਪਿਨ ਗੇਂਦਬਾਜ਼ੀ ਕੋਚ ਵਜੋਂ ਪੰਜਾਬ ਕਿੰਗਜ਼ ਦਾ ਹਿੱਸਾ ਹਨ। ਸਪੋਰਟ ਸਟਾਫ ਦੇ ਕਈ ਹੋਰ ਮੈਂਬਰਾਂ ਨੂੰ ਟੀਮ ਵਿਚ ਬਰਕਰਾਰ ਰੱਖਿਆ ਗਿਆ ਹੈ, ਜਿਸ ਵਿਚ ਤਾਕਤ ਅਤੇ ਕੰਡੀਸ਼ਨਿੰਗ ਕੋਚ ਐਡਰਿਅਨ ਲੇ ਰੌਕਸ ਅਤੇ ਫਿਜ਼ੀਓ ਐਂਡਰਿਊ ਲੀਪਸ ਸ਼ਾਮਲ ਹਨ।
ਖਿਡਾਰੀਆਂ ਨੂੰ ਰਿਟੇਨ ਕਰਨਾ ਹੋਵੇਗਾ ਵੱਡਾ ਕੰਮ
ਸਪੋਰਟ ਸਟਾਫ 'ਚ ਦਿੱਗਜਾਂ ਨੂੰ ਬਰਕਰਾਰ ਰੱਖਣ ਤੋਂ ਬਾਅਦ ਪੋਂਟਿੰਗ ਦੇ ਸਾਹਮਣੇ 6 ਖਿਡਾਰੀਆਂ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਟੀਮ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰੇਗੀ। ਰਿਪੋਰਟਾਂ ਮੁਤਾਬਕ ਟੀਮਾਂ ਨੂੰ 31 ਅਕਤੂਬਰ ਤੱਕ BCCI ਨੂੰ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ ਸੌਂਪਣੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8