ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਵੱਲ ਵਧਾਇਆ ਮਜ਼ਬੂਤ ਕਦਮ

Thursday, Feb 26, 2026 - 10:42 PM (IST)

ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ਵੱਲ ਵਧਾਇਆ ਮਜ਼ਬੂਤ ਕਦਮ

ਸਪੋਰਟਸ ਡੈਸਕ- ਆਈ.ਸੀ.ਸੀ. ਮੇਨਜ਼ ਟੀ-20 ਵਰਲਡ ਕੱਪ 2026 ਦੇ ਸੁਪਰ-8 ਗੇੜ ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਨੂੰ 72 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 256/4 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਇਸ ਵਰਲਡ ਕੱਪ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਉੱਚਾ ਸਕੋਰ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਅਭਿਸ਼ੇਕ ਸ਼ਰਮਾ ਨੇ ਮਹਿਜ਼ 30 ਗੇਂਦਾਂ ਵਿੱਚ 55 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 4 ਛੱਕੇ ਅਤੇ 4 ਚੌਕੇ ਸ਼ਾਮਲ ਸਨ। ਦੂਜੇ ਪਾਸੇ, ਹਾਰਦਿਕ ਪੰਡਿਆ ਨੇ ਸਿਰਫ਼ 23 ਗੇਂਦਾਂ ਵਿੱਚ ਨਾਬਾਦ 50 ਦੌੜਾਂ ਬਣਾਈਆਂ ਅਤੇ ਤਿਲਕ ਵਰਮਾ ਨੇ 16 ਗੇਂਦਾਂ ਵਿੱਚ 44 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਇਤਿਹਾਸਕ ਸਕੋਰ ਤੱਕ ਪਹੁੰਚਾਇਆ। ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ 13 ਗੇਂਦਾਂ ਵਿੱਚ 33 ਦੌੜਾਂ ਦਾ ਅਹਿਮ ਯੋਗਦਾਨ ਪਾਇਆ।

257 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਟੀਚੇ ਤੋਂ ਕਾਫੀ ਪਿੱਛੇ ਰਹਿ ਗਈ। ਜ਼ਿੰਬਾਬਵੇ ਲਈ ਕਪਤਾਨ ਸਿਕੰਦਰ ਰਜ਼ਾ ਨੇ 31 ਦੌੜਾਂ ਬਣਾਈਆਂ, ਪਰ ਭਾਰਤੀ ਗੇਂਦਬਾਜ਼ਾਂ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਭਾਰਤ ਵੱਲੋਂ ਅਰਸ਼ਦੀਪ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ ਸਿਕੰਦਰ ਰਜ਼ਾ, ਰਿਆਨ ਬਰਲ ਅਤੇ ਟੋਨੀ ਮੁਨਯੋਂਗਾ ਦੀਆਂ ਅਹਿਮ ਵਿਕਟਾਂ ਝਟਕਾਈਆਂ। ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਵੀ ਕ੍ਰਮਵਾਰ ਮਾਰੂਮਨੀ ਅਤੇ ਡਿਓਨ ਮਾਇਰਸ ਨੂੰ ਆਊਟ ਕਰਕੇ ਜ਼ਿੰਬਾਬਵੇ ਦੀ ਰਫ਼ਤਾਰ 'ਤੇ ਲਗਾਮ ਲਗਾਈ।


author

Rakesh

Content Editor

Related News