IPL 2026 ਦੇ ਸ਼ੈਡਿਊਲ ''ਚ ਹੋਇਆ ਬਦਲਾਅ, ਹੁਣ ਇਸ ਤਰੀਕ ਤੋਂ ਸ਼ੁਰੂ ਹੋਵੇਗਾ 19ਵਾਂ ਸੀਜ਼ਨ

Friday, Feb 27, 2026 - 09:09 PM (IST)

IPL 2026 ਦੇ ਸ਼ੈਡਿਊਲ ''ਚ ਹੋਇਆ ਬਦਲਾਅ, ਹੁਣ ਇਸ ਤਰੀਕ ਤੋਂ ਸ਼ੁਰੂ ਹੋਵੇਗਾ 19ਵਾਂ ਸੀਜ਼ਨ

ਨਵੀਂ ਦਿੱਲੀ : ਕ੍ਰਿਕਟ ਪ੍ਰੇਮੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ IPL 2026 (19ਵੇਂ ਸੀਜ਼ਨ) ਦੀ ਸ਼ੁਰੂਆਤ ਦੀ ਤਰੀਕ ਵਿੱਚ ਬਦਲਾਅ ਕਰ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਣਾ ਸੀ, ਪਰ ਹੁਣ ਬੋਰਡ ਨੇ ਇਸ ਨੂੰ ਦੋ ਦਿਨ ਅੱਗੇ ਵਧਾ ਕੇ 28 ਮਾਰਚ ਕਰ ਦਿੱਤਾ ਹੈ।

IPL ਦਾ ਨਵਾਂ ਸੀਜ਼ਨ ਆਈਸੀਸੀ ਟੀ-20 ਵਰਲਡ ਕੱਪ 2026 ਦੇ ਖਤਮ ਹੋਣ ਦੇ ਕੁਝ ਹੀ ਦਿਨਾਂ ਬਾਅਦ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਵਰਲਡ ਕੱਪ ਦਾ ਫਾਈਨਲ 8 ਮਾਰਚ ਨੂੰ ਖੇਡਿਆ ਜਾਣਾ ਹੈ। ਹਾਲਾਂਕਿ ਸ਼ੁਰੂਆਤੀ ਤਰੀਕ ਬਦਲੀ ਗਈ ਹੈ, ਪਰ ਫਾਈਨਲ ਮੁਕਾਬਲਾ ਪਹਿਲਾਂ ਵਾਂਗ 31 ਮਈ ਨੂੰ ਹੀ ਖੇਡਿਆ ਜਾਵੇਗਾ। ਅਗਲੇ ਹਫ਼ਤੇ ਹੋਣ ਵਾਲੀ ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਪੂਰੇ ਸ਼ੈਡਿਊਲ 'ਤੇ ਰਸਮੀ ਮੋਹਰ ਲਗਾਈ ਜਾਵੇਗੀ।

BCCI ਵੱਲੋਂ ਪੂਰਾ ਸ਼ੈਡਿਊਲ ਜਾਰੀ ਨਾ ਕਰਨ ਪਿੱਛੇ ਚਾਰ ਰਾਜਾਂ— ਤਮਿਲਨਾਡੂ, ਪੱਛਮੀ ਬੰਗਾਲ, ਅਸਾਮ ਅਤੇ ਕੇਰਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਬੋਰਡ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਚੇਨਈ, ਕੋਲਕਾਤਾ ਅਤੇ ਗੁਹਾਟੀ ਵਰਗੇ ਸ਼ਹਿਰਾਂ ਵਿੱਚ ਹੋਣ ਵਾਲੇ ਮੈਚਾਂ ਦੀਆਂ ਤਰੀਕਾਂ ਵਿੱਚ ਕੋਈ ਟਕਰਾਅ ਨਾ ਹੋਵੇ। ਫਰੈਂਚਾਇਜ਼ੀ ਵੀ ਤਿਆਰੀਆਂ ਲਈ ਬੋਰਡ 'ਤੇ ਜਲਦੀ ਸ਼ਡਿਊਲ ਜਾਰੀ ਕਰਨ ਦਾ ਦਬਾਅ ਬਣਾ ਰਹੀਆਂ ਹਨ।

ਟੂਰਨਾਮੈਂਟ ਦਾ ਪਹਿਲਾ ਮੈਚ ਕਿੱਥੇ ਹੋਵੇਗਾ, ਇਸ 'ਤੇ ਵੀ ਅਜੇ ਸਥਿਤੀ ਸਾਫ਼ ਨਹੀਂ ਹੈ। ਪਰੰਪਰਾ ਅਨੁਸਾਰ ਪਿਛਲੀ ਚੈਂਪੀਅਨ ਟੀਮ ਆਪਣੇ ਹੋਮ ਗਰਾਊਂਡ 'ਤੇ ਪਹਿਲਾ ਮੈਚ ਖੇਡਦੀ ਹੈ। ਪਰ ਪਿਛਲੇ ਸਾਲ ਦੀ ਜੇਤੂ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਹੋਮ ਗਰਾਊਂਡ ਐਮ. ਚਿੰਨਾਸਵਾਮੀ ਸਟੇਡੀਅਮ 'ਤੇ ਫਿਲਹਾਲ ਕ੍ਰਿਕਟ ਖੇਡਣ 'ਤੇ ਰੋਕ ਲੱਗੀ ਹੋਈ ਹੈ। ਪਿਛਲੇ ਸੀਜ਼ਨ ਵਿੱਚ ਜਸ਼ਨ ਦੌਰਾਨ ਸਟੇਡੀਅਮ ਦੇ ਬਾਹਰ ਹੋਈ ਭਗਦੜ ਕਾਰਨ ਇਹ ਫੈਸਲਾ ਲਿਆ ਗਿਆ ਸੀ।
 


author

Inder Prajapati

Content Editor

Related News