28 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ.
Tuesday, Mar 10, 2026 - 10:55 AM (IST)
ਮੁੰਬਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2026 ਦਾ ਸੈਸ਼ਨ ਹੁਣ ਦੋ ਦਿਨ ਦੀ ਦੇਰੀ ਨਾਲ 28 ਮਾਰਚ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗਾ। ਦਸੰਬਰ 2025 ’ਚ ਆਈ. ਪੀ. ਐੱਲ. ਵੱਲੋਂ ਸਾਰੀਆਂ ਫ੍ਰੈਂਚਾਈਜ਼ੀਆਂ ਨੂੰ ਦੱਸਿਆ ਗਿਆ ਸੀ ਕਿ 2026 ਐਡੀਸ਼ਨ 26 ਮਾਰਚ ਤੋਂ ਸ਼ੁਰੂ ਹੋਵੇਗਾ। ਹਾਲਾਂਕਿ, ਹੁਣ ਸ਼ੁਰੂ ਹੋਣ ਦੀ ਮਿਤੀ ਬਦਲ ਕੇ 28 ਮਾਰਚ ਕਰ ਦਿੱਤੀ ਗਈ ਹੈ ਅਤੇ ਗ੍ਰੈਂਡ ਫਿਨਾਲੇ 31 ਮਈ ਨੂੰ ਹੋਵੇਗਾ।
ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਅਗਲੇ ਹਫਤੇ 2026 ਸੀਜ਼ਨ ਦੇ ਪੂਰੇ ਪ੍ਰੋਗਰਾਮ ਨੂੰ ਆਖਰੀ ਰੂਪ ਦੇਣ ਲਈ ਮੀਟਿੰਗ ਕਰ ਸਕਦੀ ਹੈ। ਖਬਰ ਹੈ ਕਿ ਇਹ ਦੇਰੀ ਅਸਾਮ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ’ਚ ਵਿਧਾਨ ਸਭਾ ਚੋਣਾਂ ਦੀਆਂ ਮਿਤੀਆਂ ਦੇ ਐਲਾਨ ਨਾਲ ਜੁੜੀ ਹੈ। ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਅਤੇ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੀਆਂ ਹੋਮ ਗਰਾਊਂਡਾਂ ਕੋਲਕਾਤਾ ਅਤੇ ਚੇਨਈ ’ਤੇ ਅਸਰ ਪਵੇਗਾ ਜਦਕਿ ਅਸਾਮ ਦੀ ਰਾਜਧਾਨੀ ਗੁਹਾਟੀ ਰਾਜਸਥਾਨ ਰਾਇਲਜ਼ ਦਾ ਦੂਜਾ ਵੇਨਿਊ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖੇਡੇਗੀ।
