ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਵਾਲਾ ਪੈਰਾਲੰਪਿਕ ਤੈਰਾਕ ਮੁਅੱਤਲ

03/03/2018 8:09:55 AM

ਨਵੀਂ ਦਿੱਲੀ (ਯੂ. ਐੱਨ. ਆਈ.)— ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੇ ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਦੇ ਦੋਸ਼ ਵਿਚ ਅਰਜੁਨ ਐਵਾਰਡੀ, ਪੈਰਾਲੰਪਿਕ ਤੈਰਾਕ ਤੇ ਕੋਚ ਪ੍ਰਸ਼ਾਂਤ ਕਰਮਾਕਰ ਨੂੰ 3 ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪ੍ਰਸ਼ਾਂਤ 'ਤੇ ਪਿਛਲੇ ਸਾਲ ਜੈਪੁਰ ਵਿਚ 16ਵੀਂ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਦੌਰਾਨ ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਤੇ ਮਾਰਕੁੱਟ ਕਰਨ ਦੇ ਦੋਸ਼ ਹਨ। ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ  ਪੀ. ਸੀ. ਆਈ. ਨੇ ਇਹ ਕਾਰਵਾਈ ਕੀਤੀ ਹੈ।
ਰਾਸ਼ਟਰੀ ਪੈਰਾ ਤੈਰਾਕੀ ਚੈਂਪੀਅਨਸ਼ਿਪ ਜੈਪੁਰ ਵਿਚ ਪਿਛਲੇ ਸਾਲ 31 ਮਾਰਚ ਤੋਂ 3 ਅਪ੍ਰੈਲ ਤਕ ਹੋਈ ਸੀ। ਪੀ. ਸੀ. ਆਈ. ਨੇ ਆਪਣੀ ਜਾਂਚ ਵਿਚ ਪਾਇਆ ਕਿ ਪ੍ਰਸ਼ਾਂਤ ਨੇ ਆਪਣੇ ਸਹਿਯੋਗੀ ਨੂੰ ਮਹਿਲਾ ਤੈਰਾਕਾਂ ਦੀ ਵੀਡੀਓ ਬਣਾਉਣ ਨੂੰ ਕਿਹਾ ਸੀ । ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ 'ਤੇ ਤੈਰਾਕਾਂ ਦੇ ਮਾਪਿਆਂ ਦਾ ਧਿਆਨ ਗਿਆ ਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਕੀਤੀ। ਫਿਰ  ਜਦੋਂ ਉਸ ਵਿਅਕਤੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਪ੍ਰਸ਼ਾਂਤ ਦੇ ਕਹਿਣ 'ਤੇ ਵੀਡੀਓ ਬਣਾ ਰਿਹਾ ਸੀ। 
ਪੀ. ਸੀ. ਆਈ. ਨੇ ਦੱਸਿਆ ਕਿ ਪ੍ਰਸ਼ਾਂਤ ਵਿਰੁੱਧ ਕਾਰਵਾਈ ਮਾਪਿਆਂ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਇਸ ਅਰਜੁਨ ਪੁਰਸਕਾਰ ਜੇਤੂ ਤੈਰਾਕ ਨੂੰ ਖੇਡ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਪੀ. ਸੀ. ਆਈ. ਨੇ ਦੱਸਿਆ ਕਿ ਉਸ ਨੇ ਆਪਣੇ ਇਕ ਸਾਥੀ ਨੂੰ ਕੈਮਰਾ ਦੇ ਕੇ ਚੈਂਪੀਅਨਸ਼ਿਪ ਦੌਰਾਨ ਮਹਿਲਾ ਤੈਰਾਕਾਂ ਦੀ  ਵੀਡੀਓ ਫਿਲਮ ਬਣਾਉਣ ਨੂੰ ਕਿਹਾ ਸੀ। 
ਮਹਿਲਾ ਤੈਰਾਕਾਂ ਦੇ ਮਾਤਾ-ਪਿਤਾ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟਾਇਆ ਸੀ। ਜਦੋਂ ਪੈਰਾ ਸਵੀਮਿੰਗ  ਦੇ ਮੁਖੀ ਡਾ. ਵੀ. ਕੇ. ਡਬਾਸ ਨੇ ਵੀਡੀਓ ਫਿਲਮ ਬਣਾ ਰਹੇ ਵਿਅਕਤੀ ਤੋਂ   ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਕੈਮਰਾ ਉਸ ਨੂੰ ਪ੍ਰਸ਼ਾਂਤ ਨੇ ਦਿੱਤਾ ਸੀ। ਪੀ. ਸੀ. ਆਈ. ਨੇ ਦੱਸਿਆ ਕਿ ਉਸ ਵਿਅਕਤੀ ਨੂੰ ਤਾਂ ਰੋਕ ਦਿੱਤਾ ਗਿਆ ਪਰ ਫਿਰ ਇਹ ਸ਼ਿਕਾਇਤ ਮਿਲੀ ਤੇ ਇਸ ਵਾਰ ਪ੍ਰਸ਼ਾਂਤ ਖੁਦ ਟ੍ਰਾਯਪਾਡ 'ਤੇ ਕੈਮਰਾ ਰੱਖ ਕੇ ਮਹਿਲਾ ਤੈਰਾਕਾਂ ਦੀ  ਵੀਡੀਓ ਬਣਾ ਰਿਹਾ ਸੀ।
ਜਦੋਂ ਪ੍ਰਸ਼ਾਂਤ ਨੂੰ ਵੀਡੀਓ ਨਸ਼ਟ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਨਾ ਸਿਰਫ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ, ਸਗੋਂ ਇਹ ਵੀ ਕਿਹਾ ਕਿ ਉਸਦੇ ਆਦਮੀ ਨੂੰ ਵੀਡਓ ਬਣਾਉਣ ਤੋਂ ਕਿਉਂ ਰੋਕਿਆ ਗਿਆ । ਉਸ ਨੇ ਵੀਡੀਓ ਨਸ਼ਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ।
ਪੀ. ਸੀ. ਆਈ. ਨੇ ਪੁਲਸ ਬੁਲਾਈ, ਜਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ। ਪ੍ਰਸ਼ਾਂਤ ਵਲੋਂ ਵੀਡੀਓ ਤੇ ਫੋਟੋਆਂ ਡਿਲੀਟ ਕਰਨ ਲਈ  ਸਹਿਮਤ ਹੋਣ 'ਤੇ ਉਸ ਨੂੰ ਛੱਡਿਆ ਗਿਆ ਸੀ। 
ਪ੍ਰਸ਼ਾਂਤ ਕੋਲਕਾਤਾ ਦਾ ਰਹਿਣ ਵਾਲਾ ਹੈ। ਉਸ ਨੂੰ ਅਰਜੁਨ ਐਵਾਰਡ ਦੇ ਇਲਾਵਾ ਧਿਆਨ ਚੰਦ ਖੇਡ ਪੁਰਸਕਾਰ, ਭੀਮ ਐਵਾਰਡ ਤੇ ਕੋਲਕਾਤਾ ਸ਼੍ਰੀ ਐਵਾਰਡ ਵੀ ਹਾਸਲ  ਹਨ। ਪ੍ਰਸ਼ਾਂਤ ਦੇ ਨਾਂ 2006, 2010 ਤੇ 2014 ਏਸ਼ੀਆਈ ਖੇਡਾਂ ਦੇ ਤਮਗੇ ਹਨ।  ਇਸਦੇ ਇਲਾਵਾ ਉਹ ਕੋਚ ਵੀ ਰਹਿ ਚੁੱਕਾ ਹੈ। 2009 ਤੇ 2011 ਵਿਚ ਉਹ ਸਵੀਮਰ ਆਫ ਦਿ ਈਅਰ ਪੁਰਸਕਾਰ ਵੀ ਹਾਸਲ ਕਰ ਚੁੱਕਾ ਹੈ। ਉਹ ਵਿਸ਼ਵ ਤੈਰਾਕੀ ਵਿਚ ਹਿੱਸਾ ਲੈਣ ਵਾਲਾ ਭਾਰਤ ਦਾ ਪਹਿਲਾ ਤੈਰਾਕ ਹੈ।


Related News