ਪਾਕਿ ਹਾਕੀ ਟੀਮ ਨੂੰ ਨਹੀਂ ਮਿਲ ਰਿਹਾ ਆਪਣਿਆਂ ਦਾ ਸਾਥ, ਵਿਸ਼ਵ ਕੱਪ ''ਚ ਹਿੱਸਾ ਲੈਣਾ ਮੁਸ਼ਕਲ
Thursday, Nov 08, 2018 - 03:25 PM (IST)

ਕਰਾਚੀ— ਇਸੇ ਮਹੀਨੇ ਭਾਰਤ 'ਚ ਹੋਣ ਵਾਲੇ ਹਾਕੀ ਵਿਸ਼ਵ ਕੱਪ 'ਚ ਪਾਕਿਸਤਾਨ ਟੀਮ ਦੇ ਹਿੱਸਾ ਲੈਣ ਦੀਆਂ ਉਮੀਦਾਂ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ, ਜਦੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਨੇ ਆਪਣੇ ਦੇਸ਼ ਦੀ ਹਾਕੀ ਟੀਮ ਨੂੰ ਮਾਲੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਹਾਕੀ ਮਹਾਸੰਘ (ਪੀ.ਐੱਚ.ਐੱਫ.) ਨੇ ਟੀਮ ਨੂੰ ਭੁਵਨੇਸ਼ਵਰ ਭੇਜਣ ਅਤੇ ਖਿਡਾਰੀਆਂ ਦੇ ਬਕਾਏ ਦਾ ਭੁਗਤਾਨ ਕਰਨ ਲਈ ਪੀ.ਸੀ.ਬੀ. ਤੋਂ ਕਰਜ਼ਾ ਦੇਣ ਦੀ ਅਪੀਲ ਕੀਤੀ ਸੀ।
ਪੁਰਾਣਾ ਕਰਜ਼ਾ ਅਦਾ ਨਾ ਕਰਨ ਕਾਰਨ ਨਹੀਂ ਮਿਲ ਰਿਹਾ ਕਰਜ਼ਾ
ਪਾਕਿਸਤਾਨ ਦੇ ਨਵੇਂ ਮੁੱਖ ਕੋਚ ਤਾਕਿਰ ਦਾਰ ਅਤੇ ਮੈਨੇਜਰ ਹਸਨ ਸਰਦਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੀ.ਸੀ.ਬੀ. ਪ੍ਰਮੁੱਖ ਅਹਿਸਾਨ ਮਨੀ ਨਾਲ ਗੱਲ ਕਰਕੇ ਉਨ੍ਹਾਂ ਤੋਂ ਵਿਸ਼ਵ ਕੱਪ ਦੇ ਖਰਚਿਆਂ ਦੇ ਲਈ ਕਰਜ਼ਾ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਸੀ। ਦਾਰ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਵੀਰਵਾਰ ਨੂੰ ਬੈਠਕ ਕਰਨੀ ਸੀ ਪਰ ਕੁਝ ਜ਼ਰੂਰੀ ਮਸਲਿਆਂ ਕਾਰਨ ਉਨ੍ਹਾਂ ਨੇ ਸਾਡੇ ਨਾਲ ਫੋਨ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੀ.ਸੀ.ਬੀ. ਪੀ.ਐੱਚ.ਐੱਫ. ਨੂੰ ਕਿਸੇ ਵੀ ਤਰ੍ਹਾਂ ਦਾ ਅਗੇਤੀ ਕਰਜ਼ਾ ਨਹੀਂ ਦੇ ਸਕਦਾ ਹੈ ਕਿਉਂਕਿ ਬੋਰਡ ਨੇ ਲੈਫਟੀਨੈਂਟ ਜਨਰਲ (ਰਿਟਾਇਰਡ) ਤੌਕਿਰ ਜ਼ੀਆ ਦੇ ਕਾਰਜਕਾਲ ਦੇ ਦੌਰਾਨ ਮਹਾਸੰਘ ਨੂੰ ਜੋ ਕਰਜ਼ਾ ਦਿੱਤਾ ਸੀ ਉਸ ਨੂੰ ਵਾਪਸ ਨਹੀਂ ਕੀਤਾ ਗਿਆ। ਦਾਰ ਨੇ ਕਿਹਾ ਕਿ ਮਨੀ ਨੇ ਸਾਫ ਸ਼ਬਦਾਂ 'ਚ ਕਿਹਾ ਕਿ ਪੁਰਾਣੇ ਕਰਜ਼ੇ ਕਾਰਨ ਬੋਰਡ ਲਈ ਨਵਾਂ ਕਰਜ਼ਾ ਦੇਣਾ ਸੰਭਵ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਿੱਤੀ ਸਲਾਹਕਾਰਾਂ ਅਤੇ ਆਡੀਟਰਸ ਨੂੰ ਜਵਾਬ ਦੇਣਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੀ.ਸੀ.ਬੀ. ਪ੍ਰਮੁੱਖ ਨੇ ਭਰੋਸਾ ਦਿਵਾਇਆ ਕਿ ਉਹ ਸਾਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਸਰਕਾਰ ਅਤੇ ਸਪਾਨਸਰਾਂ ਨਾਲ ਗੱਲ ਕਰਨਗੇ।
ਸਰਕਾਰ ਦੇ ਜਵਾਬ ਦਾ ਇੰਤਜ਼ਾਰ
ਪੀ.ਸੀ.ਬੀ. ਸਕੱਤਰ ਸ਼ਾਹਬਾਜ਼ ਅਹਿਮਦ ਨੇ ਵੀ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰੀ ਟੀਮ ਦੀ ਵਿਸ਼ਵ ਕੱਪ 'ਚ ਹਿੱਸਾ ਲੈਣ ਦੀਆਂ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ ਕਿਉਂਕਿ ਸਰਕਾਰ ਨੇ 80 ਲੱਖ ਰੁਪਏ ਦੀ ਗ੍ਰਾਂਟ ਦੇਣ ਦੇ ਪੀ.ਐੱਚ.ਐੱਫ. ਦੀ ਬੇਨਤੀ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜੇ ਤਕ ਹਫਤੇ ਦੇ ਅੰਦਰ ਗ੍ਰਾਂਟ ਜਾਰੀ ਕਰਨ ਲਈ ਸਿੱਧੇ ਪ੍ਰਧਾਨਮੰਤਰੀ ਸਕੱਤਰੇਤ ਨੂੰ ਲਿਖਿਆ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਕਿ ਸਾਡੇ ਲਈ ਟੀਮ ਨੂੰ ਭਾਰਤ ਭੇਜਣਾ ਬਹੁਤ ਮੁਸ਼ਕਲ ਹੋਵੇਗਾ। ਹਾਕੀ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ ਵਿਚਾਲੇ ਭੁਵਨੇਸ਼ਵਰ 'ਚ ਖੇਡਿਆ ਜਾਵੇਗਾ।