ਈਡੀ ਦੀ ਟੀਮ ਨੇ ਸਥਾਨਕ ਸ਼ੂਗਰ ਮਿੱਲ ਦੇ ਦਫ਼ਤਰਾਂ, ਜਿਮ ਸਮੇਤ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ
Thursday, Aug 21, 2025 - 05:34 AM (IST)

ਫਗਵਾੜਾ (ਜਲੋਟਾ) : ਫਗਵਾੜਾ ਦੀ ਮਸ਼ਹੂਰ ਗੋਲਡਨ ਸੰਧਰ ਸੂਗਰ ਮਿੱਲ ਲਿਮਟਿਡ ਅਤੇ ਇਸ ਨਾਲ ਸੰਬੰਧਿਤ ਦਫਤਰਾਂ ਜਿੰਨਾਂ ਵਿੱਚ ਇੱਕ ਜਿਮ, ਰਿਹਾਇਸ਼ੀ ਘਰ ਅਤੇ ਹੋਰ ਕਈ ਥਾਵਾਂ ਸ਼ਾਮਲ ਹਨ, 'ਤੇ ਈਡੀ ਦੀ ਵੱਡੀ ਟੀਮ ਵੱਲੋਂ ਛਾਪੇਮਾਰੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਇਹ ਮਿੱਲ ਜ਼ਿਲ੍ਹਾ ਕਪੂਰਥਲਾ ਦੇ ਰਾਣਾ ਗਰੁੱਪ ਵੱਲੋਂ ਚਲਾਈ ਜਾ ਰਹੀ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਈਡੀ ਦੀ ਟੀਮ ਜਿਸ ਵਿੱਚ 50 ਤੋਂ ਵੱਧ ਸਰਕਾਰੀ ਅਧਿਕਾਰੀ ਸ਼ਾਮਿਲ ਦੱਸੇ ਜਾਂਦੇ ਹਨ, ਅੱਜ ਅਚਾਨਕ ਸਵੇਰੇ ਫਗਵਾੜਾ ਪੁੱਜੀ ਅਤੇ ਸ਼ੂਗਰ ਮਿੱਲ ਨਾਲ ਸੰਬੰਧਿਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਰੀ ਘਟਨਾਕ੍ਰਮ ਤੋਂ ਬਾਅਦ ਸ਼ੁਗਰ ਮਿੱਲ ਨਾਲ ਸੰਬੰਧਿਤ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਈਡੀ ਦੀ ਟੀਮ ਵੱਲੋਂ ਇਹ ਛਾਪੇਮਾਰੀ ਕਿਉਂ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਰਹੇ ਹਨ, ਇਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ। ਉਥੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦਾ ਮੁੱਖ ਕਾਰਨ ਗੈਰ ਵਾਜਬ ਤਰੀਕਿਆਂ ਨਾਲ ਪੈਸਿਆਂ ਦੇ ਬੀਤੇ ਸਮੇਂ ਵਿੱਚ ਖੰਡ ਮਿਲ ਦੇ ਡਾਇਰੈਕਟਰਾਂ ਵੱਲੋਂ ਕੀਤੇ ਗਏ ਵੱਡੇ ਲੈਣ-ਦੇਣ (ਮਨੀ ਲਾਂਡਰਿੰਗ) ਨੂੰ ਦੱਸਿਆ ਜਾ ਰਿਹਾ ਹੈ? ਸੂਤਰਾਂ ਦਾ ਦਾਅਵਾ ਹੈ ਕਿ ਈਡੀ ਦੀ ਟੀਮ ਵੱਲੋਂ ਫਗਵਾੜਾ ਵਿੱਚ ਆਉਂਦੇ ਦਿਨਾਂ ਚ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਸ ਸਾਰੇ ਮਾਮਲੇ ਤੇ ਈਡੀ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਫਿਲਹਾਲ ਕੋਈ ਵੀ ਜਾਣਕਾਰੀ ਅਧਿਕਾਰਿਕ ਤੌਰ ਤੇ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਮ ’ਤੇ 10.50 ਲੱਖ ਰੁਪਏ ਦੀ ਠੱਗੀ, ਨੌਜਵਾਨ ਨੂੰ ਇੰਗਲੈਂਡ ਤੋਂ ਕੀਤਾ ਡਿਪੋਰਟ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਨਫੋਰਸਮੈਂਟ ਡਿਪਾਰਟਮੈਂਟ (ਈਡੀ) ਦੀ ਟੀਮ ਵੱਲੋਂ ਖੰਡ ਮਿੱਲ ਦੇ ਦਫਤਰਾਂ ਤੋਂ ਕਈ ਅਹਿਮ ਦਸਤਾਵੇਜ਼, ਇਲੈਕਟਰੋਨਿਕ ਉਪਕਰਣ ਅਤੇ ਪੈਸਿਆਂ ਦੇ ਲੈਣ-ਦੇਣ ਨਾਲ ਸੰਬੰਧਿਤ ਰਿਕਾਰਡ ਨੂੰ ਬਾਰੀਕੀ ਨਾਲ ਖੰਗਾਲਦੇ ਹੋਏ ਮੌਕੇ ਤੋਂ ਕੁੱਛ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਵੀ ਲਿਆ ਗਿਆ ਹੈ। ਦੱਸਣਯੋਗ ਹੈ ਕਿ ਫਗਵਾੜਾ ਦੀ ਇਸ ਖੰਡ ਮਿੱਲ ਵੱਲ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਰਹਿੰਦਾ ਹੈ ਅਤੇ ਕਿਸਾਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀ ਬਕਾਇਆ ਰਕਮ ਜੋ ਕਿ ਕਰੋੜਾਂ ਵਿੱਚ ਹੈ, ਨੂੰ ਲੈਣ ਲਈ ਮਿੱਲ ਮਾਲਕਾਂ ਖਿਲਾਫ ਸਮੇਂ–ਸਮੇਂ 'ਤੇ ਰੋਸ ਪ੍ਰਦਰਸ਼ਨ ਆਦਿ ਕਰਦੇ ਹੋਏ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਹਾਲੇ ਤੱਕ ਕਿਸਾਨਾਂ ਨੂੰ ਉਹਨਾਂ ਦੀ ਗੰਨੇ ਦੀ ਫਸਲ ਦਾ ਬਕਾਇਆ ਨਹੀਂ ਮਿਲਿਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਈਡੀ ਵੱਲੋਂ ਇਸੇ ਖੰਡ ਮਿਲ ਦੇ ਸਾਬਕਾ ਡਾਇਰੈਕਟਰਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਵੱਡੇ ਨੇਤਾ ਅਤੇ ਵਿਦੇਸ਼ ਵਿੱਚ ਰਹਿੰਦੇ ਡਾਇਰੈਕਟਰ ਆਦਿ ਸ਼ਾਮਿਲ ਹਨ, ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8